ਦੇਸ਼ ਭਰ ਵਿੱਚ ਅੱਜ ਵਾਲਮਿਕੀ ਜਯੰਤੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ, ਇਸ ਵਿਚਾਲੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਭਗਵਾਨ ਸ਼੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ’ਤੇ ਅੱਜ ਵਾਲਮੀਕਿ ਚੌਂਕ ਵਿਖੇ ਆਯੋਜਿਤ ਵਿਸ਼ੇਸ਼ ਸਮਾਰੋਹ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਭਗਵਾਨ ਵਾਲਮੀਕਿ ਜੀ ਦੀ ਮੂਰਤੀ ਨੂੰ ਨਮਨ ਕੀਤਾ ਉੱਥੇ ਹੀ ਉਨ੍ਹਾਂ ਨੇ ਸਮੂਹ ਸੰਗਤ ਨੂੰ ਵਾਲਮਿਕੀ ਜਯੰਤੀ ਦੀ ਵਧਾਈ ਦਿੱਤੀ। ਉਨ੍ਹਾਂ ਲੋਕਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਤੇ ਸਿਧਾਂਤ ਲੋਕਾਂ ਨੂੰ ਸਮਾਜ ’ਚ ਬਰਾਬਰੀ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਹਨ। ਭਗਵਾਨ ਵਾਲਮੀਕਿ ਜੀ ਮਹਾਰਾਜ ਵਿਸ਼ਵ ਦੇ ਪਹਿਲੇ ਕਵੀ ਜਾਂ ਆਦਿ ਕਵੀ ਸਨ, ਜਿਨ੍ਹਾਂ ਨੇ ਆਪਣੀ ਮਹਾਨ ਰਚਨਾ ‘ਰਾਮਾਇਣ’ ਰਾਹੀਂ ਬਦੀ ’ਤੇ ਨੇਕੀ ਦੀ ਜਿੱਤ ਦਾ ਸੰਦੇਸ਼ ਦਿੱਤਾ। ਇਹ ਪਵਿੱਤਰ ਗ੍ਰੰਥ ਸਦੀਆਂ ਤੋਂ ਲੋਕਾਂ ਨੂੰ ਜੀਵਨ ਜਾਚ ਸਿਖਾ ਰਿਹਾ ਹੈ ਤੇ ਲੋਕਾਂ ਲਈ ਨੈਤਿਕ ਜੀਵਨ ਦਾ ਚਾਨਣ ਮੁਨਾਰਾ ਰਿਹਾ ਹੈ। ਅਜਿਹੇ ਉਪਰਾਲੇ ਨਾ ਸਿਰਫ਼ ਭਗਵਾਨ ਵਾਲਮੀਕਿ ਜੀ ਮਹਾਰਾਜ ਜੀ ਦੇ ਫਲਸਫ਼ੇ ਨੂੰ ਪ੍ਰਸਾਰਿਤ ਕਰਨ ’ਚ ਸਹਾਈ ਹੁੰਦੇ ਹਨ, ਸਗੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਉਨ੍ਹਾਂ ਵੱਲੋਂ ਦਰਸਾਏ ਨੈਤਿਕ ਕਦਰਾਂ-ਕੀਮਤਾਂ ਵਾਲੇ ਮਾਰਗ ’ਤੇ ਤੋਰਨ ਲਈ ਚਾਨਣ ਮੁਨਾਰੇ ਦੀ ਭੂਮਿਕਾ ਨਿਭਾਅ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਪ੍ਰਬੰਧਕਾਂ ਵਲੋਂ ਭਗਵਾਨ ਵਾਲਮੀਕਿ ਜੀ ਦੀ ਯਾਦਗਾਰੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਕੈਬਨਿਟ ਮੰਤਰੀ ਨੇ ਵਾਲਮੀਕਿ ਚੌਕ ਦੇ ਆਧੁਨਿਕਰਨ ਲਈ ਨਗਰ ਨਿਗਮ ਤੋਂ 5 ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਕੀਤਾ।