ਲੰਦਨ ਦੇ ਸਾਊਥਪੋਰਟ ’ਚ ਹੋਈ ਚਾਕੂਬਾਜੀ ਦੀ ਘਟਨਾ ਨੂੰ ਲੈ ਕੇ ਹੋਏ ਹਿੰਸਕ ਦੰਗਿਆਂ ਦੇ ਮੱਦੇਨਜ਼ਰ ਲੰਦਨ ਦੇ ਮੇਅਰ ਸਾਦਿਕ ਖ਼ਾਨ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਇੱਕ ਮੁਸਲਮਾਨ ਸਿਆਸਤਦਾਨ ਵੱਜੋਂ ਸੁਰੱਖਿਅਤ ਨਹੀਂ ਹਾਂ। ਆਪਣੇ ਭਾਈਚਾਰੇ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੈ ਸੱਜੇ-ਪੱਖੀ ਦੰਗਿਆਂ ਤੋਂ ਖੁਦ ਨੂੰ ਪਰੇਸ਼ਾਨ ਮਹਿਸੂਸ ਕੀਤਾ। ਮੇਰੇ ਸਿਵਾ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਸਿਰ ਦਾ ਸਕਾਰਫ਼ ਪਹਿਨਣ ਤੋਂ ਡਰਦੇ ਹਨ, ਲੋਕਾਂ ਨੂੰ ਆਪਣਾ ਘਰ ਛੱਡਣ ਜਾਂ ਮਸਜਿਦ ਜਾਣ ਤੋਂ ਵੀ ਡਰ ਲੱਗਦਾ ਹੈ। ਮਸਜਿਦ ਜਾਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਨੂੰ ਦੋ ਵਾਰ ਸੋਚਣਾ ਪੈ ਰਿਹਾ ਹੈ।
ਦਰਅਸਲ ਲੰਦਨ ਦੇ ਮੇਅਰ ਦਾ ਇਹ ਬਿਆਨ ਅਜਿਹੇ ਸਮੇਂ ’ਚ ਸਾਹਮਣੇ ਆਇਆ ਹੈ ਜਦੋਂ ਇਮੀਗ੍ਰੇਸ਼ਨ ਵਿਰੋਧੀਆਂ ਨੂੰ ਲੈ ਕੇ ਦੇਸ਼ ’ਚ ਭਿਆਨਕ ਦੰਗੇ ਹੋਏ। ਸੜਕਾਂ ’ਤੇ ਉੱਤਰੇ ਹਜ਼ਾਰਾਂ ਲੋਕਾਂ ਨੇ ਹਿੰਸਕ ਘਟਨਾਵਾਂ ਨੂੰ ਜਨਮ ਦਿੱਤਾ। ਪੁਲਿਸ ਨਾਲ ਕੁੱਟਮਾਰ ਹੋਈ, ਮਸਜਿਦਾਂ ’ਤੇ ਇੱਟਾਂ-ਬੋਤਲਾਂ ਚਲਾਈਆਂ ਗਈਆਂ, ਪ੍ਰਵਾਸੀਆਂ ਦੀਆਂ ਦੁਕਾਨਾਂ ’ਚ ਲੁੱਟ-ਖੋਹ ਅਤੇ ਕਈ ਥਾਵਾਂ ’ਤੇ ਅੱਗਜ਼ਨੀ ਵਰਗੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਪੁਲਿਸ ਵੱਲੋਂ ਕੁੱਝ ਲੋਕਾਂ ਨੂੰ ਅਪਰਾਧਿਕ ਦੋਸ਼ਾਂ ਹੇਠ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਲੰਦਨ ਦੇ ਸਾਊਥਪੋਰਟ ’ਚ ਬੱਚੀਆਂ ਦੇ ਇੱਕ ਡਾਂਸ ਕਲਾਸ ਦਾ ਆਯੋਜਨ ਕੀਤਾ ਗਿਆ ਸੀ। ਜਿੱਥੇ ਇੱਕ 17 ਸ਼ੱਕੀ ਨੌਜਵਾਨ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ 3 ਬੱਚੀਆਂ ਦੀ ਮੌਤ ਹੋ ਗਈ ਜਦੋਂ ਕਿ ਦੋ ਬਾਲਗਾਂ ਸਣੇ 9 ਬੱਚੀਆਂ ਜ਼ਖ਼ਮੀ ਹੋ ਗਈਆਂ। ਇਸ ਤੋਂ ਬਾਅਦ ਪੁਲਿਸ ਨੇ 17 ਸਾਲਾਂ ਸ਼ੱਕੀ ਨੂੰ ਚਾਕੂ ਸਣੇ ਹਿਰਾਸਤ ’ਚ ਲੈ ਲਿਆ। ਘਟਨਾ ਵਾਪਰਦੇ ਹੀ ਅਗਲੇ ਦਿਨ ਸੋਸ਼ਲ ਮੀਡੀਆ ’ਤੇ ਖ਼ਬਰ ਫੈਲੀ ਕਿ ਚਾਕੂਬਾਜੀ ਦੀ ਘਟਨਾ ਨੂੰ ਪ੍ਰਵਾਸੀ ਮੁਸਲਿਮ ਭਾਈਚਾਰੇ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਨੌਜਵਾਨ ਦਾ ਨਾਮ ਵੀ ਜਨਤਕ ਕੀਤਾ ਅਤੇ ਪੁਸ਼ਟੀ ਕੀਤੀ ਕਿ ਉਕਤ ਸ਼ੱਕੀ ਨੌਜਵਾਨ ਬ੍ਰਿਟਿਸ਼ ਹੈ, ਮੁਸਲਿਮ ਨਹੀਂ ਹੈ। ਉਹ ਬ੍ਰਿਟੇਨ ਦਾ ਹੀ ਜੰਮਪਲ ਹੈ। ਪਰ ਲੋਕਾਂ ਇੱਕ ਨਾ ਮੰਨੀ ਤੇ ਪ੍ਰਵਾਸੀ ਮੁਸਲਿਮ ਵਿਰੋਧੀ ਹਿੰਸਕ ਦੰਗੇ ਸ਼ੁਰੂ ਹੋ ਗਏ।