Thursday, May 1, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਐਮ.ਆਰ.ਐਸ.ਪੀ.ਟੀ.ਯੂ. ਅਤੇ ਵਿਕਟੂਰਾ ਟੈਕਨਾਲੌਜੀਜ਼ ਨੇ ਸਿੱਖਿਆ-ਉਦਯੋਗ ਦੇ ਪਾੜੇ ਨੂੰ ਖ਼ਤਮ ਕਰਨ ਲਈ...

ਐਮ.ਆਰ.ਐਸ.ਪੀ.ਟੀ.ਯੂ. ਅਤੇ ਵਿਕਟੂਰਾ ਟੈਕਨਾਲੌਜੀਜ਼ ਨੇ ਸਿੱਖਿਆ-ਉਦਯੋਗ ਦੇ ਪਾੜੇ ਨੂੰ ਖ਼ਤਮ ਕਰਨ ਲਈ ਮਿਲਾਇਆ ਹੱਥ

 

ਚੰਡੀਗੜ੍ਹ, 30 ਅਪ੍ਰੈਲ:

ਸੂਬੇ ਵਿੱਚ ਹੁਨਰ-ਆਧਾਰਤ ਸਿੱਖਿਆ ‘ਤੇ ਧਿਆਨ ਕੇਂਦਰਿਤ ਕਰਦਿਆਂ ਤਕਨੀਕੀ ਸਿੱਖਿਆ ਨੂੰ ਉਦਯੋਗ ਦੀਆਂ ਲੋੜਾਂ ਦੇ ਹਾਣੀ ਬਣਾਉਣ ਦੇ ਉਦੇਸ਼ ਨਾਲ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੇਸ਼ ਭਰ ਵਿੱਚ ਆਪਣੀ ਕਿਸਮ ਦੇ ਪਹਿਲੇ ਬੀ.ਟੈਕ. ਇਨ ਮਕੈਨੀਕਲ ਇੰਜੀਨੀਅਰਿੰਗ (ਇੰਡਸਟਰੀ ਇੰਟੀਗ੍ਰੇਟਿਡ) ਪ੍ਰੋਗਰਾਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ।

ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.), ਬਠਿੰਡਾ ਅਤੇ ਫਰੀਦਾਬਾਦ ਦੀ ਵਿਕਟੂਰਾ ਟੈਕਨਾਲੌਜੀਜ਼ ਪ੍ਰਾਈਵੇਟ ਲਿਮਟਿਡ (ਵੀ.ਟੀ.ਪੀ.ਐਲ.) ਦਰਮਿਆਨ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਹ ਦੇਸ਼ ਭਰ ਵਿੱਚ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੈ, ਜਿਸ ਤਹਿਤ ਪਹਿਲੇ ਸਮੈਸਟਰ ਤੋਂ ਹੀ ਵਿਦਿਆਰਥੀ ਉਦਯੋਗ ਦਾ ਹਿੱਸਾ ਬਣਨਗੇ ਅਤੇ ਉਦਯੋਗ ਕੈਂਪਸ ਨੂੰ ਯੂਨੀਵਰਸਿਟੀ ਦਾ ਡੀਮਡ ਕੈਂਪਸ ਮੰਨਿਆ ਜਾਵੇਗਾ।
ਇਸ ਸਮਝੌਤੇ ‘ਤੇ ਐਮ.ਆਰ.ਐਸ.ਪੀ.ਟੀ.ਯੂ. ਦੇ ਰਜਿਸਟਰਾਰ ਡਾ. ਗੁਰਿੰਦਰ ਪਾਲ ਸਿੰਘ ਬਰਾੜ ਅਤੇ ਵਿਕਟੂਰਾ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਹਰਦੀਪ ਸਿੰਘ ਬਾਂਗਾ ਨੇ ਹਸਤਾਖਰ ਕੀਤੇ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਸਿਰਫ਼ ਇੱਕ ਸਮਝੌਤਾ ਨਹੀਂ ਹੈ – ਇਹ ਪੰਜਾਬ ਦੇ ਨੌਜਵਾਨਾਂ ਨਾਲ ਇੱਕ ਵਾਅਦਾ ਹੈ ਕਿ ਉਨ੍ਹਾਂ ਨੂੰ ਥਿਊਰੀ ਤੋਂ ਪਾਰ ਅਸਲ-ਸੰਸਾਰ ਦੀਆਂ ਐਪਲੀਕੇਸ਼ਨਾਂ, ਅਤਿ-ਆਧੁਨਿਕ ਤਕਨਾਲੋਜੀਆਂ ਅਤੇ ਵਿਹਾਰਕ ਅਨੁਭਵ ਵਾਲੀ ਸਿੱਖਿਆ ਪ੍ਰਦਾਨ  ਕੀਤੀ ਜਾਵੇਗੀ।” ਉਨ੍ਹਾਂ ਕਿਹਾ ਕਿ ਇਹ ਭਾਈਵਾਲੀ ਅਕਾਦਮਿਕ ਸਿਖਲਾਈ ਵਿੱਚ ਉਦਯੋਗਾਂ ਨੂੰ ਸ਼ਾਮਲ ਕਰਕੇ ਪੰਜਾਬ ਵਿੱਚ ਤਕਨੀਕੀ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ‘ਤੇ ਕੇਂਦਰਿਤ ਹੈ, ਜੋ ਬੇਰੁਜ਼ਗਾਰੀ ਦੇ ਮੁੱਦੇ ਨੂੰ ਹੱਲ ਕਰਨ ਦਾ ਰਾਹ ਪੱਧਰਾ ਕਰੇਗਾ।
ਇਸ ਸਮਝੌਤੇ ਦੇ ਮੁੱਖ ਪਹਿਲੂਆਂ ਨੂੰ ਉਜਾਗਰ ਕਰਦਿਆਂ, ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬੀ.ਟੈਕ. ਇਨ ਮਕੈਨੀਕਲ ਇੰਜੀਨੀਅਰਿੰਗ (ਇੰਡਸਟਰੀ ਇੰਟੀਗ੍ਰੇਟਿਡ) ਪ੍ਰੋਗਰਾਮ ਚਾਰ ਸਾਲਾਂ ਦਾ ਹੋਵੇਗਾ। ਇਸ ਦੇ ਪੰਜ ਸਮੈਸਟਰ ਐਮ.ਆਰ.ਐਸ.ਪੀ.ਟੀ.ਯੂ. ਵਿਖੇ ਕਰਵਾਏ ਜਾਣਗੇ ਜਿਸ ਵਿੱਚ ਅਕਾਦਮਿਕ ਅਧਿਐਨ ਸ਼ਾਮਲ ਹੋਵੇਗਾ ਅਤੇ ਪ੍ਰੈਕਟੀਕਲ ਇੰਡਸਟਰੀਅਲ ਸਿਖਲਾਈ ਦੇ ਆਖਰੀ ਤਿੰਨ ਸਮੈਸਟਰ ਵਿਕਟੂਰਾ ਟੈਕਨਾਲੌਜੀਜ਼ ਵਿਖੇ ਕਰਵਾਏ ਜਾਣਗੇ। ਇਹ ਪ੍ਰੋਗਰਾਮ 30 ਵਿਦਿਆਰਥੀਆਂ ਦੇ ਬੈਚ ਨਾਲ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਹਰੇਕ ਵਿਦਿਆਰਥੀ ‘ਤੇ ਧਿਆਨ ਦਿੰਦਿਆਂ ਉੱਚ-ਗੁਣਵੱਤਾ ਵਾਲੀ ਸਿਖਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਵਿਕਟੂਰਾ ਟੈਕਨਾਲੋਜੀਜ਼ ਅਨੁਭਵੀ ਸਿੱਖਿਆ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਐਮ.ਆਰ.ਐਸ.ਪੀ.ਟੀ.ਯੂ. ਕੈਂਪਸ ਵਿੱਚ ਇੱਕ ਵੀ.ਟੀ.ਪੀ.ਐਲ. ਐਡਵਾਂਸਡ ਆਟੋਮੇਸ਼ਨ ਲੈਬ ਸਥਾਪਤ ਕਰੇਗੀ। ਇਸ ਪ੍ਰੋਗਰਾਮ ਤਹਿਤ ਆਰਥਿਕ ਤੌਰ ‘ਤੇ ਪਛੜੇ ਹੋਣਹਾਰ ਵਿਦਿਆਰਥੀਆਂ ਲਈ 50 ਫ਼ੀਸਦ ਤੱਕ ਦੀ ਵਿੱਤੀ ਸਹਾਇਤਾ ਦੇ ਨਾਲ-ਨਾਲ ਉਦਯੋਗਿਕ ਸਿਖਲਾਈ ਦੌਰਾਨ ਮੁਫਤ ਰਿਹਾਇਸ਼, ਭੋਜਨ, ਸਥਾਨਕ ਆਵਾਜਾਈ ਅਤੇ ਵਜ਼ੀਫ਼ਾ ਵੀ ਪ੍ਰਦਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਿਦਿਅਕ ਖੇਤਰ ਦੀ ਨੁਹਾਰ ਬਦਲਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ, ਤਕਨੀਕੀ ਸਿੱਖਿਆ ਮੰਤਰੀ ਨੇ ਉਦਯੋਗਿਕ ਖੇਤਰ ਦੀਆਂ ਭਵਿੱਖੀ ਜ਼ਰੂਰਤਾਂ ਨਾਲ ਵਿਦਿਅਕ ਬੁਨਿਆਦੀ ਢਾਂਚੇ ਨੂੰ ਜੋੜਨ ਲਈ ਸਰਕਾਰ ਦੀ ਅਗਾਂਹਵਧੂ ਰਣਨੀਤੀ ‘ਤੇ ਜ਼ੋਰ ਦਿੱਤਾ। ਸੂਬਾ ਸਰਕਾਰ ਵੱਲੋਂ ਅਜਿਹਾ ਅਕਾਦਮਿਕ ਮਾਡਲ ਤਿਆਰ ਕੀਤਾ ਜਾ ਰਿਹਾ ਹੈ ਜੋ ਆਟੋਮੇਸ਼ਨ, ਉੱਨਤ ਨਿਰਮਾਣ ਅਤੇ ਰੋਬੋਟਿਕਸ ਦੀਆਂ ਮੰਗਾਂ ਨੂੰ ਪੂਰਾ ਕਰਦਾ ਹੈ।
ਸਿੱਖਿਆ, ਪਾਠਕ੍ਰਮ ਵਿਕਾਸ ਅਤੇ ਫੈਕਲਟੀ ਸਿਖਲਾਈ ਵਿੱਚ ਸਰਗਰਮ ਸ਼ਮੂਲੀਅਤ ਲਈ ਵਿਕਟੂਰਾ ਟੈਕਨਾਲੋਜੀਜ਼ ਦੀ ਸ਼ਲਾਘਾ ਕਰਦਿਆਂ, ਸ. ਹਰਜੋਤ ਸਿੰਘ ਬੈਂਸ ਨੇ ਹੋਰ ਉਦਯੋਗਾਂ ਨੂੰ ਵੀ ਸੂਬਾ ਸਰਕਾਰ ਦੀਆਂ ਵਿਦਿਅਕ ਸੰਸਥਾਵਾਂ ਨਾਲ ਭਾਈਵਾਲੀ ਕਰਨ ਅਤੇ ਸੂਬੇ ਦੇ ਨੌਜਵਾਨਾਂ ਨੂੰ ਵਿਸ਼ਵਵਿਆਪੀ ਮੌਕਿਆਂ ਲਈ ਤਿਆਰ ਕਰਨ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਡਾਇਰੈਕਟਰ ਤਕਨੀਕੀ ਸਿੱਖਿਆ ਸ੍ਰੀ ਮੋਨੀਸ਼ ਕੁਮਾਰ, ਡਾਇਰੈਕਟਰ ਵਿਕਟੂਰਾ ਟੈਕਨਾਲੌਜੀਜ਼ ਸ੍ਰੀ ਅਮਿਤਬੀਰ ਸਿੰਘ ਬਾਂਗਾ, ਸੀ.ਐਸ.ਆਰ. ਹੈੱਡ ਸ੍ਰੀ ਅਜੇ ਕੁਮਾਰ ਸੋਮਵੰਸ਼ੀ, ਐਮ.ਆਰ.ਐਸ.ਪੀ.ਟੀ.ਯੂ. ਦੇ ਪ੍ਰੋਗਰਾਮ ਮੈਂਟਰ ਡਾ. ਸੰਦੀਪ ਕਾਂਸਲ, ਕੋਆਰਡੀਨੇਟਰ ਡਾ. ਅਮਿਤ ਭਾਟੀਆ ਅਤੇ ਐਮ.ਆਰ.ਐਸ.ਪੀ.ਟੀ.ਯੂ. ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।