ਪਟਿਆਲਾ/ਸਨੌਰ (ਜੋਸਨ)- ਖਨੌਰੀ ਮੋਰਚੇ ’ਤੇ ਕਿਸਾਨੀ ਮੰਗਾਂ ਲਈ ਮਰਨ ਵਰਤ ਦੇ 39ਵੇਂ ਦਿਨ ਬੇਹੱਦ ਕਮਜ਼ੋਰ ਹੋਏ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਦੇ ਹੱਕ ’ਚ ਅੱਜ 4 ਜਨਵਰੀ ਨੂੰ ਖਨੌਰੀ ਮੋਰਚੇ ’ਤੇ ਮਹਾ ਪੰਚਾਇਤ ਹੋਵੇਗੀ, ਜਿਸ ’ਚ ਦੇਸ਼ ਭਰ ਤੋਂ ਲੱਖਾਂ ਕਿਸਾਨ ਪੁੱਜ ਰਹੇ ਹਨ।ਦੂਜੇ ਪਾਸੇ ਪਟਿਆਲਾ ਦੇ ਐੱਸ.ਐੱਸ.ਪੀ. ਅਤੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਤੇ ਡਾਕਟਰਾਂ ਦੇ ਵਫਦ ਨੇ ਡੱਲੇਵਾਲ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੇ ਬਕਾਇਦਾ ਤੌਰ ’ਤੇ ਖੂਨ ਦੇ ਸੈਂਪਲ ਲਏ ਗਏ ਹਨ।
ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਜਦੋਂ ਵੀ ਜਗਜੀਤ ਸਿੰਘ ਡੱਲੇਵਾਲ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਬਹੁਤ ਘੱਟ ਜਾਂਦਾ ਹੈ, ਇਸ ਲਈ ਭਲਕੇ ਉਨ੍ਹਾਂ ਨੂੰ ਸਟੇਜ ਉੱਪਰ ਲਿਜਾਣ ਸਮੇਂ ਸਾਰੀਆਂ ਡਾਕਟਰੀ ਸਾਵਧਾਨੀਆਂ ਵਰਤੀਆਂ ਜਾਣਗੀਆਂ। ਖਨੌਰੀ ਕਿਸਾਨ ਮੋਰਚੇ ਉੱਪਰ ਪਹੁੰਚਣ ਵਾਲੇ ਕਿਸਾਨਾਂ ਦੇ ਦਰਸ਼ਨ ਕਰਨ ਲਈ ਜਗਜੀਤ ਸਿੰਘ ਡੱਲੇਵਾਲ ਖੁਦ ਸਟੇਜ ਉੱਪਰ ਆਉਣਗੇ ਅਤੇ ਆਪਣਾ ਅਹਿਮ ਸੰਦੇਸ਼ ਵੀ ਲੋਕਾਂ ਨੂੰ ਦੇਣਗੇ।
ਕਿਸਾਨ ਆਗੂਆਂ ਨੇ ਦੱਸਿਆ ਕਿ ਜਿੱਥੇ ਮੋਰਚੇ ਦੀ ਪਹਿਲੀ ਟਰਾਲੀ ਪੰਜਾਬ ਵਾਲੇ ਪਾਸੇ ਤੋਂ ਅਤੇ ਆਖਰੀ ਟਰਾਲੀ ਹਰਿਆਣਾ ਵਾਲੇ ਪਾਸੇ ਤੋਂ ਹੈ, ਉੱਥੇ ਸਟੇਜ ਬਣਾਈ ਜਾ ਰਹੀ ਹੈ ਅਤੇ ਉਸੇ ਸਟੇਜ ਤੋਂ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਨੂੰ ਸੰਬੋਧਨ ਕਰਨਗੇ।ਕਿਸਾਨ ਆਗੂਆਂ ਨੇ ਕਿਹਾ ਕਿ ਭਲਕੇ ਦੇਸ਼ ਭਰ ’ਚੋਂ ਲੱਖਾਂ ਕਿਸਾਨ ਖਨੌਰੀ ਕਿਸਾਨ ਮੋਰਚੇ ਉੱਪਰ ਪੁੱਜਣਗੇ ਅਤੇ ਇਹ ਇਤਿਹਾਸਕ ਮਹਾਪੰਚਾਇਤ ਹੋਵੇਗੀ। ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਾਂ ਦੋਵਾਂ ਮੋਰਚਿਆਂ ਵੱਲੋਂ ਮਾਣਯੋਗ ਸੁਪਰੀਮ ਕੋਰਟ ’ਚ ਕੋਈ ਜਨਹਿੱਤ ਪਟੀਸ਼ਨ ਦਾਇਰ ਨਹੀਂ ਕੀਤੀ ਗਈ। ਕਿਸਾਨ ਮਹਾਪੰਚਾਇਤ ਭਲਕੇ ਸਵੇਰੇ 10 ਵਜੇ ਤੋਂ ਸ਼ੁਰੂ ਹੋ ਜਾਵੇਗੀ, ਜਿਸ ’ਚ ਦੇਸ਼ ਭਰ ਤੋਂ ਕਿਸਾਨ ਆਗੂ, ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸ਼ਖਸੀਅਤਾਂ ਅਤੇ ਲੋਕ ਕਲਾਕਾਰ ਪਹੁੰਚਣਗੇ।