ਹੁਸ਼ਿਆਰਪੁਰ : ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪਿੰਡ ਆਦਮਵਾਲ ‘ਚ ਮਾਲ ਨਾਲ ਲੱਦਿਆ ਇਕ ਟਰੱਕ 3 ਬਿਜਲੀ ਦੇ ਖੰਭੇ ਤੋੜ ਕੇ ਦੁਕਾਨਾਂ ‘ਚ ਜਾ ਵੜਿਆ। ਹਾਲਾਂਕਿ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਚਿੰਤਪੁਰਨੀ ਨੈਸ਼ਨਲ ਹਾਈਵੇ ‘ਤੇ ਪਿੰਡ ਆਦਮਪਾਲ ‘ਚ ਰਾਤ ਸਾਢੇ ਕੁ 12 ਵਜੇ ਮਾਲ ਨਾਲ ਲੱਦਿਆ ਇਕ ਟਰੱਕ ਗਲਤ ਸਾਈਡ ਜਾ ਕੇ ਪਹਿਲਾਂ ਬਿਜਲੀ ਦੇ ਖੰਭੇ ਅਤੇ ਮੀਟਰ ਦੇ ਬਾਕਸ ‘ਚ ਵੱਜਾ।
ਇਸ ਤੋਂ ਬਾਅਦ ਕਈ ਦੁਕਾਨਾਂ ਦੇ ਸਾਹਮਣੇ ਪਏ ਸ਼ੈੱਡ ਤੋੜਨ ਤੋਂ ਬਾਅਦ 3 ਦੁਕਾਨਾਂ ‘ਚ ਜਾ ਵੜਿਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਬਿਜਲੀ ਦੇ ਖੰਭੇ ਅਤੇ ਮੇਨ ਸਪਲਾਈ ਦੀਆਂ ਤਾਰਾਂ ਵੀ ਟੁੱਟ ਗਈਆਂ। ਇਸ ਕਾਰਨ ਵੱਡੇ ਇਲਾਕੇ ‘ਚ ਪੈਂਦੇ ਪਿੰਡਾਂ ਦੀ ਬਿਜਲੀ ਸਪਲਾਈ ਰਾਤ ਤੋਂ ਹੀ ਬੰਦ ਹੋਣ ਕਾਰਨ ਲੋਕ ਡਾਹਢੇ ਪਰੇਸ਼ਾਨ ਨਜ਼ਰ ਆਏ। ਚਸ਼ਮਦੀਦਾਂ ਨੇ ਦੱਸਿਆ ਕਿ ਜਦੋਂ ਉਹ ਦੁਕਾਨ ਪਿੱਛੇ ਆਪਣੇ ਘਰ ‘ਚ ਮੌਜੂਦ ਸੀ ਤਾਂ ਭੂਚਾਲ ਅਤੇ ਵੱਡੇ ਧਮਾਕੇ ਵਰਗੀ ਆਵਾਜ਼ ਉਨ੍ਹਾਂ ਨੇ ਸੁਣੀ।