ਸੁਲਤਾਨਪੁਰ ਲੋਧੀ -ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ’ਤੇ ਰੇਲ ਕੋਚ ਫੈਕਟਰੀ (ਆਰ. ਸੀ. ਐੱਫ਼.) ਨੇੜੇ ਸਥਿਤ ਝੁੱਗੀਆਂ ’ਚ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ।ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਭੁਲਾਣਾ ਚੌਂਕੀ ਪੁਲਸ ਨੇ ਚੌਕਸੀ ਵਿਖਾਈ ਅਤੇ ਅੱਗ ’ਤੇ ਕਾਬੂ ਪਾ ਲਿਆ ਪਰ ਫਿਰ ਵੀ ਲਗਭਗ 65 ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ।
ਇਸ ਦੀ ਪੁਸ਼ਟੀ ਚੌਂਕੀ ਭੁਲਾਣਾ ਦੇ ਇੰਚਾਰਜ ਏ. ਐੱਸ. ਆਈ. ਦਵਿੰਦਰ ਪਾਲ ਨੇ ਕੀਤੀ ਹੈ ਅਤੇ ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ’ਚ 8 ਫਾਇਰ ਬ੍ਰਿਗੇਡ ਗੱਡੀਆਂ ਦੀ ਵਰਤੋਂ ਕੀਤੀ ਗਈ। ਜਾਣਕਾਰੀ ਅਨੁਸਾਰ ਰਾਤ ਕਰੀਬ 9.30 ਵਜੇ ਆਰ. ਸੀ. ਐੱਫ਼. ਨੇੜੇ ਝੁੱਗੀਆਂ ’ਚ ਅਚਾਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ ਸੂਚਨਾ ਮਿਲਦੇ ਹੀ ਆਰ. ਸੀ. ਐੱਫ਼., ਕਪੂਰਥਲਾ, ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਪਰ ਅੱਗ ਬਹੁਤ ਭਿਆਨਕ ਸੀ। ਅੱਗ ਬੁਝਾਊ ਵਿਭਾਗ ਦੀਆਂ ਟੀਮਾਂ ਅੱਗ ’ਤੇ ਕਾਬੂ ਪਾਉਣ ਲਈ ਕੰਮ ਕਰ ਰਹੀਆਂ ਸਨ।
ਭੁਲਾਣਾ ਚੌਂਕੀ ਇੰਚਾਰਜ ਏ. ਐੱਸ. ਆਈ. ਦਵਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਅੱਗ ਨੂੰ ਹੋਰ ਫ਼ੈਲਣ ਤੋਂ ਵੀ ਰੋਕਿਆ। ਉਨ੍ਹਾਂ ਇਹ ਵੀ ਦੱਸਿਆ ਕਿ ਲਗਭਗ 300 ਝੌਂਪੜੀਆਂ ਨੂੰ ਬਚਾਅ ਲਿਆ ਗਿਆ ਹੈ।