ਮੁਕੇਰੀਆਂ – ਮੁਕੇਰੀਆਂ-ਪਠਾਨਕੋਟ ਹਾਈਵੇਅ ‘ਤੇ ਪੈਂਦੇ ਅੱਡਾ ਮਿਲਵਾਂ ਨੇੜੇ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ।
ਇਹ ਹਾਦਸਾ ਮੋਟਰਸਾਈਕਲ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਣ ਕਾਰਨ ਵਾਪਰਿਆ। ਮ੍ਰਿਤਕਾਂ ਦੀ ਪਛਾਣ ਅਮਰਜੀਤ ਸਿੰਘ (27) ਅਤੇ ਉਸ ਦੀ ਪਤਨੀ ਰਮਨਜੀਤ ਕੌਰ (25) ਵਜੋਂ ਹੋਈ ਹੈ, ਜੋਕਿ ਪਠਾਨਕੋਟ ਦੇ ਨਜ਼ਦੀਕੀ ਪਿੰਡ ਤਾਰਾਗੜ ਦੇ ਰਹਿਣ ਵਾਲੇ ਸਨ।
ਉਕਤ ਦੋਵੇਂ ਪਤੀ-ਪਤਨੀ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਵਿਖੇ ਰਿਸ਼ਤੇਦਾਰ ਦੇ ਵਿਆਹ ਵਿਚ ਸ਼ਿਰਕਤ ਕਰਨ ਜਾ ਰਹੇ ਸਨ, ਪਰ ਮੁਕੇਰੀਆਂ-ਪਠਾਨਕੋਟ ਹਾਈਵੇਅ ‘ਤੇ ਅੱਡਾ ਮਿਲਵਾਂ ਨੇੜੇ ਉਨ੍ਹਾਂ ਦੇ ਮਟਰਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਦੋਹਾਂ ਦਾ ਵਿਆਹ ਡੇਢ ਸਾਲ ਪਹਿਲਾਂ ਹੀ ਹੋਇਆ ਸੀ।
ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀ ਅਮਰਜੀਤ ਨੂੰ ਨੂਰਪੁਰ ਹਿਮਾਚਲ ਪ੍ਰਦੇਸ਼ ਅਤੇ ਉਸ ਦੀ ਪਤਨੀ ਰਮਨਜੀਤ ਕੌਰ ਨੂੰ ਮੁਕੇਰੀਆਂ ਦੇ ਸਿਵਲ ਹਸਤਾਲ ਪਹੁੰਚਾਇਆ ਜਿੱਥੇ ਦੋਹਾਂ ਦੀ ਮੌਤ ਹੋ ਗਈ।