ਫਗਵਾੜਾ – ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਸੂਬੇ ਵਿਚ ਵੱਡੀ ਮੁਹਿੰਮ ਦੇ ਤਹਿਤ ਅੱਜ ਫਗਵਾੜਾ ਪੁਲਸ ਵੱਲੋਂ ਆਪਣੇ ਹੀ ਅਧੀਨ ਆਉਂਦੇ ਸੀ. ਆਈ. ਏ. ਸਟਾਫ਼ ਫਗਵਾੜਾ ਦੇ ਮੁਖੀ ਐੱਸ. ਆਈ. ਬਿਸਮਨ ਸਾਹੀ, ਏ. ਐੱਸ. ਆਈ. ਜਸਵਿੰਦਰ ਸਿੰਘ ਏ. ਐੱਸ. ਆਈ. ਨਿਰਮਲ ਸਿੰਘ ਅਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਡੀ. ਆਈ. ਜੀ. ਜਲੰਧਰ ਰੇਂਜ ਨਵੀਨ ਸਿੰਗਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਜਿਹੜੀ ਮੁਹਿੰਮ ਚੱਲ ਰਹੀ ਹੈ, ਉਸ ਦੇ ਤਹਿਤ ਕਰੱਪਸ਼ਨ ਲਈ ਜ਼ੀਰੋ ਟੋਲਰੈਂਸ ਪਾਲਿਸੀ ਅਪਨਾਈ ਜਾ ਰਹੀ ਹੈ। ਡੀ. ਆਈ. ਜੀ. ਸਿੰਗਲਾ ਨੇ ਅਹਿਮ ਜਾਣਕਾਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਅੱਜ ਸਾਡੇ ਧਿਆਨ ਵਿੱਚ ਆਇਆ ਕਿ ਸੀ. ਆਈ. ਏ. ਇੰਚਾਰਜ ਫਗਵਾੜਾ ਐੱਸ. ਆਈ. ਬਿਸ਼ਮਨ ਸਾਹੀ ਉਸ ਦੇ ਤਿੰਨ ਸਾਥੀ ਏ. ਐੱਸ. ਆਈ. ਜਸਵਿੰਦਰ ਸਿੰਘ ਏ. ਐੱਸ. ਆਈ. ਨਿਰਮਲ ਸਿੰਘ ਅਤੇ ਹੈੱਡ ਕਾਂਸਟੇਬਲ ਜਗਰੂਪ ਸਿੰਘ ਨੇ ਕੁਝ ਦਿਨ ਪਹਿਲਾਂ ਇਕ ਡਰੱਗ ਸਪਲਾਇਰ ਨੂੰ ਫੜਿਆ ਅਤੇ ਉਹ ਨੂੰ ਫਰਾਰ ਹੋਣ ਵਿਚ ਮਦਦ ਕੀਤੀ। ਇਸ ਦੇ ਬਦਲੇ ਇਨ੍ਹਾਂ ਨੇ ਉਸ ਦੇ ਪਰਿਵਾਰ ਤੋਂ ਢਾਈ ਲੱਖ ਰੁਪਏ ਰਿਸ਼ਵਤ ਵਜੋਂ ਲਏ। ਇਸ ਦੇ ਨਾਲ ਹੀ ਅੱਜ ਅਸੀਂ ਚਾਰੋਂ ਪੁਲਸ ਅਧਿਕਾਰੀਆਂ ਨੂੰ ਕਾਬੂ ਕੀਤਾ, ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇਨ੍ਹਾਂ ਖ਼ਿਲਾਫ਼ 7 ਪ੍ਰੀਵੈਂਸ਼ਨ ਆਫ਼ ਕਰੱਪਸ਼ਨ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ।