ਹੁਸ਼ਿਆਰਪੁਰ – ਹੁਸ਼ਿਆਰਪੁਰ ਵਿਖੇ ਇਕ ਅਧਿਆਪਕਾ ਵੱਲੋਂ ਬੱਚੇ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵੱਡਾ ਐਕਸ਼ਨ ਲਿਆ ਹੈ। ਵੱਡੀ ਕਾਰਵਾਈ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਕੂਲ ਦੇ ਮਾਲਕ, ਪ੍ਰਿੰਸੀਪਲ ਅਤੇ ਅਧਿਆਪਕਾ ਖ਼ਿਲਾਫ਼ ਐੱਫ਼.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਕ ਅਧਿਆਪਕ ਵੱਲੋਂ ਇਕ ਵਿਦਿਆਰਥੀ ਨੂੰ ਕੁੱਟਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸਰਕਾਰੀ ਸਕੂਲ ਹੋਣ ਦਾ ਝੂਠਾ ਦਾਅਵਾ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਇਹ ਵੀਡੀਓ ਕਿਸੇ ਨਿੱਜੀ ਸਕੂਲ ਦੀ ਹੈ। ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਕੂਲ ਦੇ ਮਾਲਕ, ਪ੍ਰਿੰਸੀਪਲ ਅਤੇ ਅਧਿਆਪਕ ਦੇ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਕੁਝ ਮੀਡੀਆ ਹਾਊਸਾਂ ਨੇ ਇਸ ਨੂੰ ਸਰਕਾਰੀ ਸਕੂਲ ਦੱਸ ਕੇ ਗਲਤ ਜਾਣਕਾਰੀ ਦਿੱਤੀ ਹੈ। ਕ੍ਰਿਪਾ ਕਰਕੇ ਸਾਡੇ ਮਿਹਨਤੀ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਬਦਨਾਮ ਨਾ ਕਰੋ ਜੋ ਵਾਧੂ ਕਲਾਸਾਂ ਦਾ ਪ੍ਰਬੰਧ ਕਰਨ, ਵੇਕ-ਅੱਪ ਕਾਲਾਂ ਦਾ ਪ੍ਰਬੰਧ ਕਰਨ, ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਬਿਹਤਰ ਪ੍ਰਦਰਸ਼ਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਇਕ ਝੂਠਾ ਬਿਰਤਾਂਤ ਉਨ੍ਹਾਂ ਦੇ ਵਿਸ਼ਾਲ ਯਤਨਾਂ ਨੂੰ ਖ਼ਰਾਬ ਕਰ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਤੋਂ ਇਕ ਅਧਿਆਪਕਾ ਵੱਲੋਂ ਛੋਟੇ ਬੱਚੇ ਨਾਲ ਤਸ਼ਦੱਦ ਢਾਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੁਸ਼ਿਆਰਪੁਰ ਦੇ ਪਿੰਡ ਬੱਡੋਂ ਦੇ ਇਕ ਸਕੂਲ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇਕ ਅਧਿਆਪਕਾ ਬੱਚੇ ਨੂੰ ਬੇਰਹਿਮੀ ਨਾਲ ਕੁੱਟ ਰਹੀ ਹੈ। ਇਹ ਵੀਡੀਓ ਸਰਦੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਦੀ ਦੱਸੀ ਜਾ ਰਹੀ ਹੈ। ਕਲਾਸ ਵਿਚ ਮਾਸੂਮ ‘ਤੇ ਅਧਿਆਪਕਾ ਵੱਲੋਂ ਕਈ ਥੱਪੜ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਵਿੱਚ ਜੋ ਮੈਡਮ ਬੱਚੇ ਨੂੰ ਕੁੱਟਦੀ ਨਜ਼ਰ ਆ ਰਹੀ ਹੈ ਉਸ ਦਾ ਆਪਣਾ ਹੀ ਪ੍ਰਾਈਵੇਟ ਸਕੂਲ ਹੈ ਅਤੇ ਪਿਛਲੇ 40 ਸਾਲਾਂ ਤੋਂ ਪਿੰਡ ਬੱਡੋਂ ਵਿੱਚ ਚਲਾ ਰਹੀ ਹੈ।