ਕੁਵੈਤ ਸਿਟੀ : ਕੁਵੈਤ ਵਿੱਚ ਐਤਵਾਰ ਤੜਕੇ ਈਰਾਨ ਵੱਲੋਂ ਡਰੋਨ ਹਮਲੇ ਦੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਸਥਿਤ ਤੇਲ ਭੰਡਾਰਨ ਟੈਂਕਾਂ (Fuel Storage Tanks) ਨੂੰ ਨਿਸ਼ਾਨਾ ਬਣਾ ਕੇ ਈਰਾਨ ਵੱਲੋਂ ਡਰੋਨ ਹਮਲਾ ਕੀਤਾ ਗਿਆ। ਕੁਵੈਤ ਦੇ ਰੱਖਿਆ ਮੰਤਰਾਲੇ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਇਸ ਨੂੰ ਦੇਸ਼ ਦੇ ਅਹਿਮ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਹਵਾਈ ਰੱਖਿਆ ਪ੍ਰਣਾਲੀ ਨੇ ਡੇਗੇ ਡਰੋਨ
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਸਊਦ ਅਲ-ਅਤਵਾਨ ਨੇ ਅਧਿਕਾਰਤ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਕੁਵੈਤ ਦੀ ਹਵਾਈ ਸੀਮਾ ਵਿੱਚ ਕਈ “ਦੁਸ਼ਮਣ ਡਰੋਨ” (ਈਰਾਨ ਵੱਲੋਂ ਭੇਜੇ) ਦਾਖਲ ਹੋਏ ਸਨ। ਹਾਲਾਂਕਿ ਫੌਜ ਦੇ ਏਅਰ ਡਿਫੈਂਸ ਸਿਸਟਮ ਨੇ ਮੁਸਤੈਦੀ ਦਿਖਾਉਂਦੇ ਹੋਏ ਕਈ ਡਰੋਨਾਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਰਿਪੋਰਟਾਂ ਅਨੁਸਾਰ, ਡਰੋਨਾਂ ਦੇ ਮਲਬੇ ਜਾਂ ਸਿੱਧੇ ਹਮਲੇ ਕਾਰਨ ਤੇਲ ਭੰਡਾਰ ਵਾਲੀ ਥਾਂ ‘ਤੇ ਅੱਗ ਲੱਗ ਗਈ ਸੀ, ਜਿਸ ‘ਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦਿਆਂ ਹੁਣ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ ਹੈ।
ਸ਼ਹਿਰ ‘ਚ ਵੱਜੇ ਖ਼ਤਰੇ ਦੇ ਘੁੱਗੂ
ਇਸ ਘਟਨਾ ਤੋਂ ਬਾਅਦ ਪੂਰੇ ਕੁਵੈਤ ਸਿਟੀ ਵਿੱਚ ਸਾਇਰਨ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਅਤੇ ਸੁਰੱਖਿਆ ਏਜੰਸੀਆਂ ਨੇ ‘ਲੈਵਲ-1’ ਦੀ ਐਮਰਜੈਂਸੀ ਤਿਆਰੀ (Emergency Readiness) ਲਾਗੂ ਕਰ ਦਿੱਤੀ ਹੈ। ਸਰਕਾਰ ਵੱਲੋਂ ਦੇਸ਼ ਦੀ ਪ੍ਰਭੂਸੱਤਾ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ ਗਈ ਹੈ। ਤੇਲ ਅਤੇ ਈਂਧਨ ਦੀ ਸਪਲਾਈ ਵਿੱਚ ਕੋਈ ਵਿਘਨ ਨਾ ਪਵੇ, ਇਸ ਲਈ ਵਿਸ਼ੇਸ਼ ਸਾਵਧਾਨੀ ਵਰਤੀ ਜਾ ਰਹੀ ਹੈ।

