ਜਲੰਧਰ –ਸੜਕ ਹਾਦਸਿਆਂ ਦੀ ਰੋਕਥਾਮ ਨੂੰ ਲੈ ਕੇ ਮੁੱਖ ਸੜਕਾਂ ਅਤੇ ਨੈਸ਼ਨਲ ਹਾਈਵੇਅ ’ਤੇ ਬਣੇ ਗੈਰ-ਕਾਨੂੰਨੀ ਕੱਟਾਂ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਥੇ ਹੀ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਆਯੋਜਿਤ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਐੱਨ. ਐੱਚ. ਏ. ਆਈ. ਅਤੇ ਪੀ. ਡਬਲਿਊ. ਡੀ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ’ਤੇ ਗੈਰ-ਕਾਨੂੰਨੀ ਕੱਟਾਂ ਨਾਲ ਹੋਣ ਵਾਲੇ ਹਾਦਸਿਆਂ ’ਤੇ ਰੋਕ ਲਾਉਣ ਲਈ ਇਨ੍ਹਾਂ ਕੱਟਾਂ ਦਾ ਬੰਦ ਹੋਣਾ ਜ਼ਰੂਰੀ ਹੈ। ਇਸ ਮੌਕੇ ਡੀ. ਸੀ. ਵੱਲੋਂ ਆਰ. ਟੀ. ਏ. ਸਕੱਤਰ ਬਲਬੀਰ ਰਾਜ ਸਿੰਘ ਨਾਲ ਸੜਕ ਸੁਰੱਖਿਆ ਸਬੰਧੀ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ।
ਉਨ੍ਹਾਂ ਕਿਹਾ ਕਿ ਬਲੈਕ ਸਪਾਟਸ, ਖ਼ਤਰਨਾਕ ਮੋੜਾਂ ਅਤੇ ਚੌਰਾਹਿਆਂ ਦੀ ਪਛਾਣ ਕਰਕੇ ਉਥੇ ਚਿੰਨ੍ਹਹਿਤ ਸੰਕੇਤ, ਟ੍ਰੈਫਿਕ ਲਾਈਟ ਅਤੇ ਹੋਰ ਸੁਰੱਖਿਆਤਮਕ ਉਪਾਅ ਜਲਦ ਤੋਂ ਜਲਦ ਕੀਤੇ ਜਾਣ। ਸੜਕ ਹਾਦਸਿਆਂ ਨੂੰ ਰੋਕਣ ਲਈ ਸੜਕਾਂ ਦੀ ਮੁਰੰਮਤ, ਢਾਂਚੇ ਵਿਚ ਜ਼ਰੂਰੀ ਬਦਲਾਅ ਅਤੇ ਟ੍ਰੈਫਿਕ ਨਿਯਮਾਂ ਦਾ ਸਖ਼ਤੀ ਨਾਲ ਪਾਲਣਾ ਬਹੁਤ ਜ਼ਰੂਰੀ ਹੈ। ਪੁਲਸ ਵਿਭਾਗ ਵੱਲੋਂ ਦਿੱਤੀ ਗਈ ਬਲੈਕ ਸਪਾਟਸ ਦੀ ਸੂਚੀ ’ਤੇ ਸਮੀਖਿਆ ਕੀਤੀ ਗਈ ਅਤੇ ਸਾਰੇ ਐੱਸ. ਡੀ. ਐੱਮਜ਼, ਪੀ. ਡਬਲਿਊ. ਡੀ. ਅਤੇ ਐੱਨ. ਐੱਚ. ਏ. ਆਈ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ 30 ਜੁਲਾਈ ਤਕ ਅਜਿਹੇ ਸਾਰੇ ਸੰਭਾਵਿਤ ਹਾਦਸਾ ਸਥਾਨਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨੂੰ ਰਿਪੋਰਟ ਕਰਨ ਤਾਂ ਕਿ ਉਨ੍ਹਾਂ ਸਥਾਨਾਂ ਦੀ ਸੁਧਾਰਾਤਮਕ ਕਾਰਵਾਈ ਕੀਤੀ ਜਾ ਸਕੇ।