ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਕਾਰਵਾਈ ਕਰ ਰਹੀ ਐ। ਇਸ ਵਿਚਾਲੇ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਲੁਧਿਆਣਾ ਜ਼ਿਲ੍ਹੇ ’ਚ ਇੱਕ ਮਾਲ ਪਟਵਾਰੀ ਨੂੰ ਪੰਜ ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ।
ਦਰਅਸਲ ਰਾਏਕੋਟ ’ਚ ਵਿਜੀਲੈਂਸ ਦੀ ਇਹ ਕਾਰਵਾਈ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਗੁਰਸੇਵਕ ਸਿੰਘ ਵਾਸੀ ਗ੍ਰੀਨ ਸਿਟੀ, ਰਾਏਕੋਟ ਨੇ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਸ਼ਿਕਾਇਤ ਕੀਤੀ ਸੀ ਕਿ ਜਸਪ੍ਰੀਤ ਸਿੰਘ ਨਾਮਕ ਇੱਕ ਮਾਲ ਪਟਵਾਰੀ ਨੇ ਆਪਣੇ ਨਿੱਜੀ ਸਹਾਇਕ ਲਾਡੀ ਦੇ ਜ਼ਰੀਏ ਜ਼ਮੀਨ ਦਾ ਇੰਤਕਾਲ ਕਰਵਾਉਣ ਦੇ ਬਦਲੇ ਪੰਜ ਹਜ਼ਾਰ ਦੀ ਰਿਸ਼ਵਤ ਲਈ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਜਦੋਂ ਸ਼ਿਕਾਇਤ ਦੀ ਪੜਤਾਲ ਕੀਤੀ ਗਈ ਤਾਂ ਜ਼ੁਬਾਨੀ ਸਬੂਤਾਂ ਅਤੇ ਮੌਕੇ ਦੀ ਵੀਡੀਓ ਰਿਕਾਰਡਿੰਗ ਨੇ ਸਾਬਤ ਕਰ ਦਿੱਤਾ ਕਿ ਉਕਤ ਪਟਵਾਰੀ ਨੇ ਰਿਸ਼ਵਤ ਵੱਜੋਂ ਪੰਜ ਹਜ਼ਾਰ ਦੀ ਰਕਮ ਵਸੂਲੀ ਹੈ।
ਇਸ ਤੋਂ ਬਾਅਦ ਜਾਂਚ ਦੀ ਰਿਪੋਰਟ ਦੇ ਆਧਾਰ ’ਤੇ ਮਾਲ ਪਟਵਾਰੀ ਜਸਪ੍ਰੀਤ ਸਿੰਘ ਦੇ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਫਿਲਹਾਲ ਦੋਸ਼ੀ ਪਟਵਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਅਗਲੀ ਪੁੱਛ-ਗਿੱਛ ਕੀਤੀ ਜਾਵੇਗੀ।