ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਾਂਗਰਸ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਜਥੇਦਾਰ ‘ਤੇ ਦਿੱਤੇ ਵਿਵਾਦਤ ਬਿਆਨਾਂ ਦੀ ਸਖ਼ਤ ਨਿਖੇਧੀ ਕੀਤੀ ਹੈ। ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਰਾਜਾ ਵੜਿੰਗ ਨੂੰ ਸਵਾਲ ਕਰਦਿਆਂ ਹੋਇਆ ਪੁੱਛਿਆ ਹੈ ਕਿ ਕੀ ਤੁਹਾਡਾ ਮਤਲਬ ਇਹ ਹੈ ਕਿ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਭਾਜਪਾ ਅਤੇ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ? ਦਰਅਸਲ ਕੰਗ ਨੇ ਰਾਜਾ ਵੜਿੰਗ ਦੇ ਉਸ ਬਿਆਨ ਦਾ ਹਵਾਲਾ ਦਿੱਤਾ ਜਿਸ ਵਿੱਚ ਉਹ ਕਹਿ ਰਹੇ ਹਨ, “ਅਕਾਲ ਤਖ਼ਤ ਦੇ ਜੱਥੇਦਾਰ ਬਾਦਲ ਪਰਿਵਾਰ ਦੀ ਲਿਖੀ ਹੋਈ ਸਕਰਿਪਟ ‘ਤੇ ਕੰਮ ਕਰ ਰਹੇ ਹਨ। ਬਾਦਲ ਪਰਿਵਾਰ ਖੁਦ ਭਾਜਪਾ ਨੂੰ ਜਿਤਾਉਣ ਲਈ ਚੋਣ ਨਹੀਂ ਲੜ ਰਿਹਾ ਕਿਉਂਕਿ ਭਾਜਪਾ ਦਾ ਉਮੀਦਵਾਰ ਮਨਪ੍ਰੀਤ ਬਾਦਲ ਹਨ।
ਹੁਣ ਕੰਗ ਨੇ ਕਿਹਾ ਕਿ ਭਾਵੇਂ ਕਾਂਗਰਸ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਮੁਆਫੀ ਮੰਗ ਲਈ ਹੈ, ਪਰ ਉਨ੍ਹਾਂ ਦਾ ਇਹ ਬਿਆਨ ਕਾਂਗਰਸ ਪਾਰਟੀ ਦੇ ਇਰਾਦਿਆਂ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਨ੍ਹਾਂ ਲੋਕਾਂ ਨੇ ਹਮੇਸ਼ਾ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਿੱਖ ਸੰਸਥਾਵਾਂ ਪ੍ਰਤੀ ਉਨ੍ਹਾਂ ਦੀ ਸੋਚ ਸ਼ੁਰੂ ਤੋਂ ਹੀ ਮਾੜੀ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤੋਪਾਂ ਚਲਾਉਣ ਅਤੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਵਾਲੇ ਕਾਂਗਰਸ ਦੇ ਹੀ ਲੋਕ ਹਨ। ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਅਕਾਲੀ ਦਲ ਬਾਦਲ, ਕਾਂਗਰਸ ਅਤੇ ਬੀਜੇਪੀ, ਤਿੰਨਾਂ ਨੇ ਪੰਥ ਦੇ ਖਿਲਾਫ ਕੰਮ ਕੀਤਾ ਹੈ ਅਤੇ ਦਹਾਕਿਆਂ ਤੱਕ ਮਿਲ ਕੇ ਪੰਜਾਬ ‘ਤੇ ਰਾਜ ਕੀਤਾ ਹੈ।
ਇਸ ਦੇ ਨਾਲ ਹੀ ਕੰਗ ਨੇ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਮੇਸ਼ਾ ਸਤਕਾਰਯੋਗ ਰਹੇ ਹਨ ਅਤੇ ਹਮੇਸ਼ਾ ਰਹਿਣਗੇ। ਇਹ ਲੋਕ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ, ਉਨ੍ਹਾਂ ਤੇ ਕੋਈ ਆਂਚ ਨਹੀਂ ਆਵੇਗੀ।

