ਨਵੀਂ ਦਿੱਲੀ- ਕੋਲਕਾਤਾ ਦੇ ਆਰ. ਜੀ. ਕਰ ਮੈਡੀਕਲ ਕਾਲਜ ਵਿਚ ਟ੍ਰੇਨੀ ਮਹਿਲਾ ਡਾਕਟਰ ਦਾ ਜਬਰ-ਜ਼ਨਾਹ ਮਗਰੋਂ ਕਤਲ ਮਾਮਲੇ ‘ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚਾਰੋਂ ਪਾਸਿਓਂ ਆਲੋਚਨਾ ਝੱਲ ਰਹੀ ਹੈ। ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਜ਼ਰੀਏ ਮਮਤਾ ਤਿੰਨ ਵੱਡੀਆਂ ਮੰਗਾਂ ਰੱਖੀਆਂ ਹਨ। ਪਹਿਲੀ ਮੰਗ- ਜਬਰ-ਜ਼ਨਾਹ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਲੋੜ। ਦੂਜੀ ਮੰਗ- ਫਾਸਟ ਟਰੈੱਕ ਕੋਰਟ ਨੂੰ ਜਲਦੀ ਸੁਣਵਾਈ ਕਰਨੀ ਚਾਹੀਦੀ ਹੈ ਅਤੇ ਤੀਜੀ ਮੰਗ 15 ਦਿਨਾਂ ਦੇ ਅੰਦਰ ਟਰਾਇਲ ਪੂਰਾ ਕਰਨਾ ਹੋਵੇਗਾ। ਦੱਸਣਯੋਗ ਹੈ ਕਿ 9 ਅਗਸਤ ਨੂੰ ਜੂਨੀਅਰ ਡਾਕਟਰ ਦੀ ਲਾਸ਼ ਹਸਪਤਾਲ ਦੇ ਸੈਮੀਨਾਰ ਹਾਲ ਵਿਚ ਮਿਲੀ ਸੀ। ਜਬਰ-ਜ਼ਨਾਹ ਮਗਰੋਂ ਬੇਰਹਿਮੀ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਘਿਨੌਣੇ ਕਤਲ ਕਾਂਡ ਮਗਰੋਂ ਪੂਰੇ ਦੇਸ਼ ਵਿਚ ਗੁੱਸੇ ਦੀ ਲਹਿਰ ਹੈ ਅਤੇ ਪੱਛਮੀ ਬੰਗਾਲ ਵਿਚ ਡਾਕਟਰ, ਮਹਿਲਾ ਡਾਕਟਰ ਦੇ ਇਨਸਾਫ਼ ਲਈ ਅਜੇ ਵੀ ਹੜਤਾਲ ‘ਤੇ ਹਨ।
ਮੁੱਖ ਮੰਤਰੀ ਮਮਤਾ ਨੇ ਚਿੱਠੀ ਵਿਚ ਲਿਖਿਆ- ਦੇਸ਼ ਭਰ ਵਿਚ ਜਬਰ-ਜ਼ਨਾਹ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਉਪਲੱਬਧ ਅੰਕੜਿਆਂ ਮੁਤਾਬਕ ਕਈ ਮਾਮਲਿਆਂ ਵਿਚ ਜਬਰ-ਜ਼ਨਾਹ ਦੇ ਨਾਲ ਕਤਲ ਵੀ ਕੀਤਾ ਜਾਂਦਾ ਹੈ। ਇਹ ਵੇਖਣਾ ਭਿਆਨਕ ਹੈ ਕਿ ਦੇਸ਼ ਭਰ ਵਿਚ ਰੋਜ਼ਾਨਾ 90 ਜਬਰ-ਜ਼ਨਾਹ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਕਾਰਨ ਸਮਾਜ ਅਤੇ ਕੌਮ ਦਾ ਭਰੋਸਾ ਅਤੇ ਜ਼ਮੀਰ ਡਗਮਗਾ ਜਾਂਦਾ ਹੈ। ਇਸ ਨੂੰ ਖਤਮ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ ਤਾਂ ਜੋ ਔਰਤਾਂ ਸੁਰੱਖਿਅਤ ਮਹਿਸੂਸ ਕਰਨ। ਮੁੱਖ ਮੰਤਰੀ ਨੇ ਅੱਗੇ ਲਿਖਿਆ ਕਿ ਅਜਿਹੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦਿਆਂ ਨੂੰ ਸਖ਼ਤ ਕੇਂਦਰੀ ਕਾਨੂੰਨ ਜ਼ਰੀਏ ਵਿਆਪਕ ਤਰੀਕੇ ਨਾਲ ਸੰਬੋਧਿਤ ਕਰਨ ਦੀ ਲੋੜ ਹੈ, ਜਿਸ ਵਿਚ ਅਜਿਹੇ ਗੰਭੀਰ ਅਪਰਾਧਾਂ ਵਿਚ ਸ਼ਾਮਲ ਵਿਅਕਤੀਆਂ ਖਿਲਾਫ਼ ਸਖ਼ਤ ਸਜ਼ਾ ਦਾ ਵਿਵਸਥਾ ਹੋਵੇ। ਅਜਿਹੇ ਮਾਮਲਿਆਂ ਵਿਚ ਤੁਰੰਤ ਨਿਆਂ ਯਕੀਨੀ ਕਰਨ ਲਈ ਫਾਸਟ ਟਰੈੱਕ ਦਾ ਗਠਨ ‘ਤੇ ਵੀ ਪ੍ਰਸਤਾਵਿਤ ਕਾਨੂੰਨ ਵਿਚ ਵਿਚਾਰ ਕੀਤਾ ਜਾਣਾ ਚਾਹੀਦਾ ਹੈ।