ਨਵੀਂ ਦਿੱਲੀ- ਦਿੱਲੀ ਪੁਲਸ ਨੇ ਸ਼ਨੀਵਾਰ ਨੂੰ ਸਮੇਂਪੁਰ ਬਾਦਲੀ ਇਲਾਕੇ ‘ਚ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਦਾ ਕਤਲ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਆਪਣੇ ਘਰ ‘ਚ ਪਤਨੀ ਅਤੇ ਤਿੰਨ ਨਾਬਾਲਗ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਮੁੰਚੁਨ ਕੇਵਟ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ ਪਰ ਉਸ ਨੂੰ ਰਾਜਸਥਾਨ ਦੇ ਕਿਸ਼ਨਗੜ੍ਹ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਵਟ ਦਾ ਪਤਾ ਲਗਾਉਣ ਲਈ ਲਗਭਗ 15 ਪੁਲਸ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਤਕਨੀਕੀ ਨਿਗਰਾਨੀ ਅਤੇ ਸਥਾਨਕ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਕ ਟੀਮ ਨੇ ਰਾਜਸਥਾਨ ‘ਚ ਉਸ ਦੀਆਂ ਗਤੀਵਿਧੀਆਂ ਦਾ ਪਤਾ ਲਗਾਇਆ, ਜਿਸ ਦੇ ਨਤੀਜੇ ਵਜੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਅੱਗੇ ਦੀ ਪੁੱਛ-ਗਿੱਛ ਲਈ ਦਿੱਲੀ ਵਾਪਸ ਲਿਆਂਦਾ ਗਿਆ ਹੈ। ਪੁਲਸ ਕਤਲ ਦੇ ਪਿੱਛੇ ਦੇ ਮਕਸਦ ਦੀ ਜਾਂਚ ਕਰ ਰਹੀ ਹੈ ਅਤੇ ਸਾਰੇ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੀ ਹੈ।

