Wednesday, December 25, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਮਾਨ ਨੇ ਸੁਖਬੀਰ ਬਾਦਲ ’ਤੇ ਲਗਾਇਆ ਰਗੜਾ, ਸੁਣਾਈ ‘ਕਿਕਲੀ ਕਲੀਰ ਦੀ- 2’

ਮਾਨ ਨੇ ਸੁਖਬੀਰ ਬਾਦਲ ’ਤੇ ਲਗਾਇਆ ਰਗੜਾ, ਸੁਣਾਈ ‘ਕਿਕਲੀ ਕਲੀਰ ਦੀ- 2’

ਲੋਕ ਸਭਾ ਚੋਣਾਂ ਨੂੰ ਲੈ ਕੇ ਪ੍ਰਚਾਰ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਫ਼ਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੇ ਨਾਲ ਹੀ ਸੀਐੱਮ ਮਾਨ ਨੇ ਕਾਕਾ ਬਰਾੜ ਦੇ ਨਾਲ ਫ਼ਾਜ਼ਿਲਕਾ, ਮਲੋਟ ਅਤੇ ਜਲਾਲਾਬਾਦ ਵਿੱਚ ਇੱਕ ਵੱਡਾ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰਾਂ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਰੋਡ ਸ਼ੋਅ ਦੌਰਾਨ ਲੋਕਾਂ ਦੇ ਭਾਰੀ ਇੱਕਠ ਦੇ ਉਤਸ਼ਾਹ ਨੂੰ ਦੇਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਜਿਸ ਉਤਸ਼ਾਹ ਨਾਲ ਤੁਸੀਂ ਲੋਕ ਆਮ ਆਦਮੀ ਪਾਰਟੀ ਦਾ ਸਮਰਥਨ ਕਰ ਰਹੇ ਹੋ, ਉਸ ਤੋਂ ਸਾਫ਼ ਸਪੱਸ਼ਟ ਹੋ ਗਿਆ ਹੈ ਕਿ ਫ਼ਿਰੋਜ਼ਪੁਰ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ, ਸਿਰਫ਼ ਐਲਾਨ ਹੋਣਾ ਬਾਕੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਤਾਂ ਰੱਬ ਵੀ ਹੂੰਝਾ (ਝਾੜੂ) ਫੇਰਨਾ ਚਾਹੁੰਦਾ ਹੈ, ਇਸ ਲਈ ਸੁਪਰੀਮ ਕੋਰਟ ਨੇ ‘ਆਪ’ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਚੋਣਾਂ ਤੋਂ ਪਹਿਲਾਂ 20 ਦਿਨਾਂ ਲਈ ਜ਼ਮਾਨਤ ਦੇ ਦਿੱਤੀ ਹੈ।

ਇਸ ਦੇ ਨਾਲ ਹੀ ਸਿਆਸੀ ਕਵਿਤਾ ‘ਕਿਕਲੀ ਕਲੀਰ ਦੀ’ ਗਾ ਕੇ ਸੀਐੱਮ ਮਾਨ ਨੇ ਜਿੱਥੇ ਰੰਗ ਬੰਨਿਆ ਉੱਥੇ ਹੀ ਉਨ੍ਹਾਂ ਕਵਿਤਾ ਦੇ ਜ਼ਰੀਏ ਬਾਦਲ ਪਰਿਵਾਰ ’ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਸ ਕਵਿਤਾ ‘ਚ ਉਨ੍ਹਾਂ ਨੇ ਬਾਦਲਾਂ ਦੇ ਸਾਰੇ ਟੱਬਰ ਨੂੰ ਲਿਆ ਹੈ- ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ, ਸਮਝ ਕੁੱਝ ਆਵੇ ਨਾ, ਵੋਟ ਕੋਈ ਥਿਆਵੇ ਨਾ, ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫ਼ਸ ਗਈ ਬਠਿੰਡੇ ਤੋਂ’। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਦਾ ਮਕਸਦ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ‘ਤੇ ਲੈ ਕੇ ਜਾਣਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਹੀ ਬਾਦਲ ਪਰਿਵਾਰ ਦੀ ਸਿਆਸਤ ਖ਼ਤਮ ਹੋਣ ਜਾ ਰਹੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਏ.ਸੀ ‘ਚ ਰਹਿਣ ਵਾਲੇ ਲੋਕ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਆਉਂਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ? ਲੋਕਾਂ ਨੂੰ ਸੰਬੋਧਨ ਦੌਰਾਨ ਸੀਐੱਮ ਮਾਨ ਨੇ ਆਪਣੇ ਕਾਰਜਕਾਲ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ਮੈਂ ਜਾਤ-ਪਾਤ ਦੇ ਆਧਾਰ ‘ਤੇ ਵੋਟਾਂ ਨਹੀਂ ਮੰਗਦਾ। ਮੈਂ ਪਿਛਲੇ ਦੋ ਸਾਲਾਂ ’ਚ ਕੀਤੇ ਕੰਮਾਂ ਦੇ ਆਧਾਰ ‘ਤੇ ਵੋਟਾਂ ਮੰਗ ਰਿਹਾ ਹਾਂ। ਮੇਰਾ ਕੰਮ ਲੋਕਾਂ ਵਿੱਚ ਬੋਲ ਰਿਹਾ ਹੈ। ਪਿਛਲੇ ਦੋ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖ਼ਰੀਦਿਆ, 43000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ, ਘਰ-ਘਰ ਰਾਸ਼ਨ ਪਹੁੰਚਾਇਆ। ਇਸ ਤੋਂ ਇਲਾਵਾ ਸੀਐੱਮ ਮਾਨ ਨੇ ਆਮ ਆਦਮੀ ਕਲੀਨਿਕ ਦੇ ਨਾਲ-ਨਾਲ ਚੰਗੀ ਸਿੱਖਿਆ ਲਈ ਸਕੂਲ ਆਫ਼ ਐਮੀਨੈਂਸ ਦੀ ਵੀ ਚਰਚਾ ਕੀਤੀ। ਸੀਐੱਮ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਦੇਣ ਦੇ ਕੀਤੇ ਵਾਅਦੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਾਲੀ ਗਰੰਟੀ ਵੀ ਜਲਦੀ ਪੂਰੀ ਕੀਤੀ ਜਾਵੇਗੀ।