ਚੰਡੀਗੜ੍ਹ (ਨਵਦੀਪ ਕੁਮਾਰ)- ਨਸ਼ਿਆਂ ਦਾ ਕੋਹੜ ਪੰਜਾਬ ਦੇ ਲੱਖਾਂ ਪਰਿਵਾਰਾਂ ਦੇ ਲਈ ਇਕ ਕਾਲੇ ਦੋਰ ਵਾਗੂੰ ਬਣਿਆ ਹੋਇਆ ਸੀ। ਲਗਾਤਾਰ ਵਧਦੇ ਨਸ਼ਿਆਂ ਦੇ ਦਰਿਆ ਕਾਰਨ ਪੰਜਾਬ ਦੇ ਸੈਂਕੜੇ ਜਵਾਨ ਅਜਾਈਂ ਜਾਨ ਗੁਆ ਬੈਠੇ। ਪੰਜਾਬ ਦੇ ਲਈ ਨਸ਼ੇ ਕਿਸੇ ਅੱਤਵਾਦ ਤੋਂ ਘੱਟ ਨਹੀਂ ਜਾਪ ਰਹੇ ਸਨ ਪਰ ਪਿਛਲੇ ਕੁਝ ਸਾਲਾਂ ਦੇ ਦੌਰਾਨ ਜਿਸ ਤਰਾਂ ਸੂਬੇ ਅੰਦਰ ਭਗਵੰਤ ਮਾਨ ਦੀ ਅਗੁਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਾ ਤਸਕਰਾਂ ਦੀ ਕਮਰ ਤੋੜੀ ਹੈ, ਉਸ ਨਾਲ ਹੁਣ ਪੰਜਾਬ ਇਕ ਵਾਰ ਫਿਰ ਰੰਗਲਾ ਪੰਜਾਬ ਬਣਦਾ ਨਜਰ ਆ ਰਿਹਾ ਹੈ।
ਪਿਛਲੇ ਤਿੰਨ ਸਾਲਾਂ ਦੇ ਦੌਰਾਨ ਸਰਕਾਰ ਨੇ ਨਸ਼ਾਖੋਰੀ ਤੇ ਠੱਲ ਪਾਉਣ ਲਈ ਇਤਿਹਾਸਕ ਕਦਮ ਚੁੱਕੇ ਨੇ ਪਰ ਹਾਲ ਹੀ ਵਿਚ 1 ਮਾਰਚ ਤੋਂ ਜੋ ਸੂਬਾ ਪੱਧਰੀ ਵਿਆਪਕ ਮੁਹਿੰਮ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਐ, ਉਸਨੇ ਨਸ਼ਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਦੇ ਦਿਲਾਂ ਵਿਚ ਡਰ ਬਿਠਾ ਦਿਤਾ ਐ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਨਾਲ-ਨਾਲ ਹੁਣ ਪਿੰਡਾਂ ਦੀਆਂ ਪੰਚਾਇਤਾਂ, ਸ਼ਹਿਰਾਂ ਦੀਆਂ ਨਗਰ ਕੌਂਸਲਾਂ ਅਤੇ ਸਮਾਜ ਸੇਵੀ ਲੋਕ ਵੀ ਹੁਣ ਇਸ ਅਭਿਆਨ ਵਿਚ ਸ਼ਾਮਲ ਹੋ ਕੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਨੂੰ ਵਿੱਢ ਚੁੱਕੇ ਨੇ।
1 ਮਾਰਚ 2025 ਤੋਂ ਸ਼ੁਰੂ ਕੀਤੀ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪੁਲਿਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਿਰਫ ਤਿੰਨ ਹਫ਼ਤਿਆਂ ਵਿੱਚ 2,177 NDPS ਮਾਮਲੇ ਦਰਜ ਕਰਨਾ ਅਤੇ 3,868 ਨਸ਼ਾ ਤਸਕਰਾਂ ਨੂੰ ਗਿਰਫ਼ਤਾਰ ਕਰਨਾ ਇਸ ਗੰਭੀਰ ਸਮੱਸਿਆ ਵਿਰੁੱਧ ਹੋ ਰਹੀ ਕਾਰਵਾਈ ਦੀ ਤਸਦੀਕ ਕਰਦਾ ਹੈ। ਇਹ ਪੰਜਾਬ ਸਰਕਾਰ ਅਤੇ ਪੁਲਿਸ ਵਿਭਾਗ ਦੀ ਮਜ਼ਬੂਤ ਇੱਛਾ-ਸ਼ਕਤੀ ਦਾ ਪਰਿਣਾਮ ਹੈ।
ਇਸ ਮੁਹਿੰਮ ਦੌਰਾਨ 135 ਕਿਲੋ 527 ਗ੍ਰਾਮ ਹੈਰੋਇਨ, 1,419 ਕਿਲੋ 236 ਗ੍ਰਾਮ ਭੁੱਖੀ, 82 ਕਿਲੋ 895 ਗ੍ਰਾਮ ਅਫ਼ੀਮ, 34 ਕਿਲੋ 244 ਗ੍ਰਾਮ ਗਾਂਜਾ, 5 ਕਿਲੋ 852 ਗ੍ਰਾਮ ਚਰਸ ਅਤੇ 7,58,085 ਨਸ਼ੀਲੀਆਂ ਟੈਬਲਟਾਂ/ਕੈਪਸੂਲ/ਗੋਲੀਆਂ ਬਰਾਮਦ ਕੀਤੀਆਂ ਗਈਆਂ। ਇਨ੍ਹਾਂ ਦੇ ਨਾਲ-ਨਾਲ, 5.42 ਕਰੋੜ ਦੀ ਨਕਦੀ, 12 ਪਿਸਤੌਲ, 4 ਕਾਰਾਂ, 22 ਦੋ-ਪਹੀਆ ਵਾਹਨ, 8 ਮੋਬਾਈਲ ਫ਼ੋਨ ਅਤੇ 498 ਸ਼ਰਾਬ ਦੀਆਂ ਬੋਤਲਾਂ ਵੀ ਕਬਜ਼ੇ ‘ਚ ਲਿਆਈਆਂ ਗਈਆਂ।
ਇਸ ਮਿਹਨਤ ਦੀ ਸਿੱਧੀ ਮਾਰ ਨਸ਼ਾ ਤਸਕਰਾਂ ‘ਤੇ ਪਈ ਹੈ। 25 ਫ਼ਰਵਰੀ 2025 ਤੋਂ ਹੁਣ ਤੱਕ, 49 ਤਸਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਹਨ ਅਤੇ 43 ਗੈਰਕਾਨੂੰਨੀ ਸੰਪਤੀਆਂ ਤਬਾਹ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, 7 ਦੋਸ਼ੀ “ਪ੍ਰੋਕਲੇਮਡ ਆਫ਼ੈਂਡਰ” ਗਿਰਫ਼ਤਾਰ ਕੀਤੇ ਗਏ ਹਨ ਅਤੇ 27 ਵਿਅਕਤੀਆਂ ਵਿਰੁੱਧ ਰੋਕਥਾਮੀ ਕਾਰਵਾਈ ਕੀਤੀ ਗਈ ਹੈ।
ਇਸ ਮੁਹਿੰਮ ਦੇ ਨਤੀਜੇ ਹੁਣ ਸਿੱਧੇ ਲੋਕ ਜੀਵਨ ‘ਤੇ ਪ੍ਰਭਾਵ ਪਾਉਣ ਲੱਗੇ ਹਨ। ਪੰਜਾਬ ਦੇ ਲੋਕ, ਜੋ ਸਾਲਾਂ ਤੋਂ ਨਸ਼ਿਆਂ ਦੀ ਮਹਾਂਮਾਰੀ ਕਾਰਨ ਪੀੜਤ ਸਨ, ਹੁਣ ਇੱਕ ਨਵੇਂ ਉਮੀਦ ਨਾਲ ਜੀ ਰਹੇ ਹਨ। ਨਸ਼ਾ ਤਸਕਰਾਂ ਦੀਆਂ ਗਿਰਫ਼ਤਾਰੀਆਂ, ਗੈਰਕਾਨੂੰਨੀ ਸੰਪਤੀਆਂ ਦੀ ਤਬਾਹੀ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ ਕਿ ਹੁਣ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋ ਸਕਦਾ ਹੈ।
ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕ ਇਸ ਮੁਹਿੰਮ ਦੀ ਬਹੁਤ ਵਧੀਆ ਪ੍ਰਤੀਕ੍ਰਿਆ ਦੇ ਰਹੇ ਹਨ। ਮਾਪੇ, ਜਿਨ੍ਹਾਂ ਨੇ ਆਪਣੇ ਪੁੱਤ-ਪੁਤਰੀਆਂ ਨੂੰ ਨਸ਼ਿਆਂ ਵਿੱਚ ਡਿੱਗਦੇ ਦੇਖਿਆ, ਹੁਣ ਪੁਲਿਸ ਦੀ ਇਸ ਕਾਰਵਾਈ ਨੂੰ ਇੱਕ ਨਵੀਂ ਰੋਸ਼ਨੀ ਵਜੋਂ ਦੇਖ ਰਹੇ ਹਨ। ਰੋਜ਼ਾਨਾ ਦੀਆਂ ਖ਼ਬਰਾਂ ਵਿੱਚ ਨਵੇਂ-ਨਵੇਂ ਨਸ਼ਾ ਤਸਕਰਾਂ ਦੀ ਗਿਰਫ਼ਤਾਰੀ ਅਤੇ ਨਸ਼ੇ ਦੀ ਬਰਾਮਦਗੀ ਨੇ ਲੋਕਾਂ ਵਿੱਚ ਇੱਕ ਆਤਮਵਿਸ਼ਵਾਸ ਪੈਦਾ ਕੀਤਾ ਹੈ ਕਿ ਹੁਣ ਇਹ ਮਹਾਂਮਾਰੀ ਥਮ ਸਕਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜੋ ਸਤਾਧਾਰੀ ਦਲ ਆਮ ਆਦਮੀ ਪਾਰਟੀ (AAP) ਦੇ ਚਿਹਰੇ ਵਜੋਂ ਜਾਣੇ ਜਾਂਦੇ ਹਨ, ਨੇ ਇਸ ਮੁਹਿੰਮ ਨਾਲ ਲੋਕਾਂ ਦੇ ਦਿਲਾਂ ਵਿੱਚ ਆਪਣੀ ਵਿਖ਼ਰੀ ਹੋਈ ਸਾਖ ਮੁੜ ਬਹਾਲ ਕਰ ਲਈ ਹੈ। 2022 ਵਿੱਚ ਪੰਜਾਬ ਦੀ ਸੱਤਾ ਸੰਭਾਲਣ ਦੇ ਬਾਅਦ, ਉਨ੍ਹਾਂ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਨਸ਼ਿਆਂ ਦੀ ਜੜ੍ਹ ਨੂੰ ਪੰਜਾਬ ਦੀ ਧਰਤੀ ਤੋਂ ਉਖਾੜਿਆ ਜਾਵੇਗਾ। ਹੁਣ, “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਨੇ ਲੋਕਾਂ ਨੂੰ ਵਿਸ਼ਵਾਸ ਦਿਲਾਇਆ ਹੈ ਕਿ ਭਗਵੰਤ ਮਾਨ ਆਪਣੀਆਂ ਗੱਲਾਂ ‘ਤੇ ਕਾਇਮ ਹਨ।
ਪੰਜਾਬੀ ਲੋਕ ਸਵਾਲ ਕਰ ਰਹੇ ਸਨ ਕਿ ਕੀ ਸਰਕਾਰ ਵਾਕਈ ਨਸ਼ਿਆਂ ਖ਼ਿਲਾਫ਼ ਗੰਭੀਰ ਹੈ ਜਾਂ ਇਹ ਵੀ ਪਿਛਲੀਆਂ ਸਰਕਾਰਾਂ ਵਾਂਗ ਸਿਰਫ਼ ਬਿਆਨਾਂ ਦੀ ਰਾਜਨੀਤੀ ਕਰ ਰਹੀ ਹੈ? ਪਰ ਹੁਣ, ਜਦ ਪੁਲਿਸ ਦੀ ਕਰੜੀ ਕਾਰਵਾਈ ਸਾਹਮਣੇ ਆ ਰਹੀ ਹੈ, ਲੋਕ ਖੁਸ਼ੀ ਜ਼ਾਹਰ ਕਰ ਰਹੇ ਹਨ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨਸ਼ਾ ਮਾਫ਼ੀਆ ਖ਼ਿਲਾਫ਼ ਅਸਲ ਜੰਗ ਸ਼ੁਰੂ ਕਰ ਦਿੱਤੀ ਹੈ।
ਅੱਜ ਪੰਜਾਬ ਦੀਆਂ ਗਲੀਆਂ, ਬਾਜ਼ਾਰਾਂ ਅਤੇ ਪਿੰਡਾਂ ਵਿੱਚ ਲੋਕ ਇਸ ਮੁਹਿੰਮ ਦੀ ਗੱਲ ਕਰਦੇ ਨਜ਼ਰ ਆਉਂਦੇ ਹਨ। ਕਈ ਪਿੰਡਾਂ ਵਿੱਚ ਨੌਜਵਾਨ “ਨਸ਼ਾ-ਮੁਕਤ ਪੰਜਾਬ” ਲਈ ਸਵੈ-ਸੰਕਲਪ ਲੈ ਰਹੇ ਹਨ। ਗੁਰੂ ਘਰਾਂ, ਸਮਾਜਿਕ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ ਵੱਲੋਂ ਵੀ ਪੁਲਿਸ ਅਤੇ ਸਰਕਾਰ ਦੀ ਉਪਰਾਲੀ ਮਿਹਨਤ ਦੀ ਪ੍ਰਸ਼ੰਸਾ ਹੋ ਰਹੀ ਹੈ।
ਇਹ ਸਭ ਕੁਝ ਇਹ ਦਰਸਾਉਂਦਾ ਹੈ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਸਿਰਫ਼ ਇੱਕ ਸਰਕਾਰੀ ਪ੍ਰਚਾਰ ਨਹੀਂ, ਬਲਕਿ ਇੱਕ ਵੱਡਾ ਇਨਕਲਾਬ ਬਣਦਾਂ ਜਾ ਰਿਹਾ ਹੈ। ਜੇਕਰ ਇਹ ਲਹਿਰ ਇੰਝ ਹੀ ਜਾਰੀ ਰਹੀ, ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਫਿਰ ਤੋਂ “ਰੰਗਲਾ ਪੰਜਾਬ” ਬਣੇਗਾ।