Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਮਾਝੇ 'ਚ ਗਰਜੇ ਭਗਵੰਤ ਮਾਨ! ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ

ਮਾਝੇ ‘ਚ ਗਰਜੇ ਭਗਵੰਤ ਮਾਨ! ਸ਼ੈਰੀ ਕਲਸੀ ਲਈ ਕੀਤਾ ਚੋਣ ਪ੍ਰਚਾਰ

ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗੁਰਦਾਸਪੁਰ ‘ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਸ਼ੈਰੀ ਕਲਸੀ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮਾਨ ਨੇ ਅਕਾਲੀ ਅਤੇ ਕਾਂਗਰਸੀ ਆਗੂਆਂ ‘ਤੇ ਨਿਸ਼ਾਨਾ ਸਾਧਿਆ ਅਤੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ ਵੱਲੋਂ ਇਸ ਸੀਟ ਨੂੰ ਜਿੱਤਣ ਤੋਂ ਬਾਅਦ ਨਜ਼ਰਅੰਦਾਜ਼ ਕਰਨ ‘ਤੇ ਵੀ ਅਫ਼ਸੋਸ ਜਤਾਇਆ। ਰੈਲੀ ਗਰਾਊਂਡ ਵਿੱਚ ਪਹੁੰਚਣ ਤੋਂ ਪਹਿਲਾਂ ਮਾਨ ਨੇ ਗੁਰਦਾਸਪੁਰ ਦੇ ਇਤਿਹਾਸਕ ਹਨੂੰਮਾਨ ਮੰਦਰ ਵਿੱਚ ਮੱਥਾ ਟੇਕਿਆ ਅਤੇ ਪੰਜਾਬ ਤੇ ਪੰਜਾਬੀਆਂ ਦੀ ਖੁਸ਼ਹਾਲੀ ਤੇ ਤਰੱਕੀ ਲਈ ਪ੍ਰਾਰਥਨਾ ਕੀਤੀ।

ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਹ ਚੋਣ ਜਿੱਤਣ ਜਾਂ ਕਿਸੇ ਨੂੰ ਹਰਾਉਣ ਦੀ ਨਹੀਂ ਹੈ। ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਉਣ ਲਈ ਇਹ ਚੋਣ ਸਾਡੇ ਲਈ ਆਖ਼ਰੀ ਮੌਕਾ ਹੈ। ਇਹ ਚੋਣ ਸਾਡੇ ਲੋਕਤੰਤਰ ਨੂੰ ਬਚਾਉਣ ਦਾ ਇੱਕ ਮੌਕਾ ਹੈ, ਜੇਕਰ ਨਫ਼ਰਤ ਫੈਲਾਉਣ ਵਾਲੇ ਦੁਬਾਰਾ ਸੱਤਾ ਵਿੱਚ ਆਏ ਤਾਂ ਉਹ ਸਾਡੇ ਲੋਕਤੰਤਰ ਨੂੰ ਖ਼ਤਮ ਕਰ ਦੇਣਗੇ ਅਤੇ ਭਾਰਤ ਨੂੰ ਤਾਨਾਸ਼ਾਹੀ ਦੇਸ਼ ਬਣਾ ਦੇਣਗੇ, ਸਾਡੇ ਦੇਸ਼ ਵਿੱਚ ਮੁੜ ਚੋਣਾਂ ਨਹੀਂ ਹੋਣਗੀਆਂ।  ਮਾਨ ਨੇ ਵੋਟਰਾਂ ਨੂੰ ਕਿਹਾ ਕਿ ਉਹ ਆਪਣੇ ਵੋਟਰ ਕਾਰਡਾਂ ਨੂੰ ਧਿਆਨ ਨਾਲ ਦੇਖਣ।  ਤੁਹਾਡੇ ਵੋਟਰ ਕਾਰਡਾਂ ਵਿੱਚ ਸਾਡੇ ਸ਼ਹੀਦਾਂ ਦੀ ਖੂਨ ਦੀ ਖੁਸ਼ਬੂ ਹੈ।  ਉਨ੍ਹਾਂ ਵੋਟਰ ਕਾਰਡਾਂ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ ਅਤੇ ਲਾਲਾ ਲਾਜਪਤ ਰਾਏ ਦੇ ਖ਼ੂਨ ਦੀ ਮਹਿਕ ਤੁਹਾਨੂੰ ਮਹਿਸੂਸ ਹੋਵੇਗੀ, ਕਿਉਂਕਿ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਲੋਕ ਸਾਂਹ ਲੈਂਦੇ ਸਨ, ਕੰਮ ਕਰਦੇ ਸਨ, ਵਿਆਹ ਕਰਦੇ ਸਨ ਪਰ ਉਦੋਂ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀ। ਸਾਡੇ ਸ਼ਹੀਦਾਂ ਨੇ ਇਸ ਹੱਕ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਸ ਲਈ ਆਪਣੇ ਵੋਟ ਦੇ ਅਧਿਕਾਰਾਂ ਦੀ ਵਰਤੋਂ ਜ਼ੁੰਮੇਵਾਰੀ ਨਾਲ ਕਰੋ, ਕਿਸੇ ਲਾਲਚ ਵਿੱਚ ਆ ਕੇ ਆਪਣੀ ਵੋਟ ਨੂੰ ਬਰਬਾਦ ਨਾ ਕਰੋ, ਆਪਣੀ ਵੋਟ ਸ਼ਰਾਬ, ਨਸ਼ੇ ਜਾਂ ਨਕਦੀ ਲਈ ਨਾ ਵੇਚੋ। ਤੁਸੀਂ ਆਪ ਫ਼ੈਸਲਾ ਕਰੋ, ਅਸੀਂ ਆਪਣੇ ਸ਼ਹੀਦਾਂ ਦੇ ਰਿਣੀ ਹੈ।

ਮਾਨ ਨੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ ‘ਤੇ ਵੀ ਦੁੱਖ ਜਤਾਉਂਦੇ ਹੋਏ ਕਿਹਾ ਕਿ ‘ਢਾਈ ਕਿੱਲੋ ਕਾ ਹਾਥ’ ਸਰਹੱਦ ਦੇ ਦੂਜੇ ਪਾਸੇ ਹੈਂਡ ਪੰਪ ਪੁੱਟ ਰਿਹਾ ਹੈ, ਪਰ ਉਸ ਨੂੰ ਸੰਸਦ ‘ਚ ਭੇਜਣ ਵਾਲੇ ਲੋਕਾਂ ਦੀ ਕਦੇ ਯਾਦ ਨਹੀਂ ਆਈ। ਇਸ ਤੋਂ ਪਹਿਲਾਂ ਤੁਸੀਂ ਇੱਕ ਹੋਰ ਅਭਿਨੇਤਾ ਨੂੰ ਚੁਣਿਆ, ਜੋ ਸੰਸਦ ਵਿੱਚ ਮੈਨੂੰ ਪੁੱਛਦਾ ਸੀ ਕਿ ਮੈਂ ਲੋਕਾਂ ਵਿੱਚ ਕਿਉਂ ਜਾਂਦਾ ਹਾਂ। ਉਹ ਬੰਬਈ ਦੇ ਹਨ, ਪੰਜਾਬ ਦਾ ਸੂਰਜ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ, ਪਰ ਅਸੀਂ ਤੁਹਾਡੇ ਵਰਗੇ ਆਮ ਲੋਕ ਹਾਂ, ਮੈਨੂੰ ਨੀਂਦ ਵੀ ਨਹੀਂ ਆਉਂਦੀ ਜੇ ਮੈਂ ਆਪਣੇ ਲੋਕਾਂ ਵਿੱਚ ਨਾ ਜਾਵਾਂ। ਸ਼ੈਰੀ ਕਲਸੀ ਤੁਹਾਡੇ ਵਰਗਾ ਹੈ, ਉਸ ਨੂੰ ਚੁਣੋ, ਉਸ ਨੂੰ ਪਾਰਲੀਮੈਂਟ ਵਿੱਚ ਭੇਜੋ, ਉਸ ਕੋਲ ਤਜ਼ਰਬਾ ਹੈ,  ਬਾਕੀ ਪਾਸਵਰਡ ਮੈਂ ਦੇ ਦੇਵਾਂਗਾ, ਉਹ ਸੰਸਦ ਵਿੱਚ ਤੁਹਾਡੀ ਆਵਾਜ਼ ਬਣੇਗਾ, ਉਹ ਤੁਹਾਡੇ ਕੰਮ ਕਰਨ ਲਈ ਤੁਹਾਡੇ ਵਿਚਕਾਰ ਰਹੇਗਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਨੂੰ ਪਿਛਲੇ 10 ਸਾਲਾਂ ਵਿੱਚ ਅਣਗਹਿਲੀ ਕਾਰਨ ਜੋ ਨੁਕਸਾਨ ਝੱਲਣਾ ਪਿਆ ਹੈ, ਉਸ ਦਾ ਵੀ ‘ਆਪ’ ਉਮੀਦਵਾਰ ਹੀ ਨਿਪਟਾਰਾ ਕਰੇਗਾ।

ਭਗਵੰਤ ਮਾਨ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਨੇ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨਿਆਂ ਦਾ ਕਤਲ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਇਹ ਉਹੀ ਵਿਅਕਤੀ ਹਨ ਜੋ ਆਮ ਪਰਿਵਾਰਾਂ ਦੇ ਧੀਆਂ-ਪੁੱਤਾਂ ਨੂੰ ਮਟੀਰੀਅਲ ਕਹਿੰਦੇ ਸਨ।  ਉਨ੍ਹਾਂ ਨੇ ਲੋਕ ਨਿਰਮਾਣ ਮੰਤਰੀ ਹੁੰਦਿਆਂ ਚੰਡੀਗੜ੍ਹ ਤੋਂ ਗੁਰਦਾਸਪੁਰ ਹਾਈਵੇ ਤੱਕ ਸਭ ਤੋਂ ਵੱਧ ਟੋਲ ਪਲਾਜ਼ੇ ਬਣਾਏ। ਉਨ੍ਹਾਂ ਆਪਣੇ ਹਲਕੇ ਦੇ ਆਮ ਲੋਕਾਂ ਲਈ ਕੁਝ ਕਰਨ ਦੀ ਬਜਾਏ ਲੁਟੇਰਿਆਂ ਦਾ ਸਾਥ ਦਿੱਤਾ, ਮੈਂ ਸੱਤਾ ‘ਚ ਆ ਕੇ ਉਹ ਟੋਲ ਪਲਾਜ਼ੇ ਬੰਦ ਕਰਵਾਏ।  ਉਹ (ਕਾਂਗਰਸੀ ਅਤੇ ਅਕਾਲੀ ਸਰਕਾਰਾਂ) ਇਨ੍ਹਾਂ ਟੋਲ ਪਲਾਜ਼ਿਆਂ ਦੀ ਸਮਾਂ ਸੀਮਾ ਵਧਾ ਕੇ ਆਮ ਲੋਕਾਂ ਨੂੰ ਲੁੱਟਣ ਦਾ ਲਾਇਸੈਂਸ ਦਿੰਦੇ ਸਨ। ਉਨ੍ਹਾਂ ਕਿਹਾ ਕਿ ਬਾਜਵਾ ਦਾ ਆਪਣਾ ਭਰਾ ਭਾਜਪਾ ‘ਚ ਹੈ।  ਲੋਕਾਂ ਨੇ ਉਨ੍ਹਾਂ ‘ਤੇ ਵਾਰ-ਵਾਰ ਭਰੋਸਾ ਕੀਤਾ, ਵਿਧਾਨ ਸਭਾ, ਲੋਕ ਸਭਾ ਅਤੇ ਰਾਜ ਸਭਾ ‘ਚ ਭੇਜਿਆ ਪਰ ਉਨ੍ਹਾਂ ਨੇ ਲੋਕਾਂ ਲਈ ਕੁਝ ਨਹੀਂ ਕੀਤਾ।