ਲੋਕ ਸਭਾ ਚੋਣਾਂ ’ਚ ਨਰਿੰਦਰ ਮੋਦੀ ਦੀ ਤੀਜੀ ਵਾਰ ਸਰਕਾਰ ਬਣੀ ਹੈ। ਨਰਿੰਦਰ ਮੋਦੀ ਨੇ 9 ਜੂਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਜੋਂ ਅਹੁਦੇ ਦੀ ਤੀਜੀ ਵਾਰ ਸਹੁੰ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਲ ਨਵ-ਨਿਯੁਕਤ ਕੈਬਨਿਟ ਮੰਤਰੀਆਂ ਨੇ ਵੀ ਸਹੁੰ ਚੁੱਕੀ। ਨਰਿੰਦਰ ਮੋਦੀ ਦੀ ਕੈਬਨਿਟ ’ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕੇਂਦਰੀ ਊਰਜਾ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਦੇ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ।
ਇਸ ਵਿਚਾਲੇ ਮਨੋਹਰ ਲਾਲ ਖੱਟਰ ਕੇਂਦਰੀ ਮੰਤਰੀ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਹਰਿਆਣਾ ਪਹੁੰਚੇ। ਇਸ ਦੌਰਾਨ ਸੋਨੀਪਤ ’ਚ ਉਨ੍ਹਾਂ ਦੇ ਸਮਰੱਥਕਾਂ ਨੇ ਦਿਲ ਖੋਲ ਕੇ ਸਵਾਗਤ ਕੀਤਾ। ਇੱਥੇ ਸੰਬੋਧਨ ਕਰਦਿਆਂ ਉਨ੍ਹਾਂ ਮੋਦੀ ਸਰਕਾਰ ਦੇ ਕੰਮਾਂ ਦਾ ਗੁਣਗਾਣ ਕੀਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਤੀਜੀ ਵਾਰ ਸਰਕਾਰ ਬਣੀ ਹੈ। ਅਜਿਹਾ 1962 ਤੋਂ ਬਾਅਦ ਪਹਿਲੀ ਵਾਰ ਹੋਇਆ ਹੈ। ਕੇਂਦਰ ਸਰਕਾਰ ਵਿੱਚ ਹਰਿਆਣਾ ਦੇ ਤਿੰਨ ਮੰਤਰੀ ਨਿਯੁਕਤ ਕੀਤੇ ਗਏ ਹਨ ਅਤੇ ਇਸ ਨਾਲ ਹਰਿਆਣਾ ਦੇ ਵਿਕਾਸ ਨੂੰ ਹੁਲਾਰਾ ਮਿਲੇਗਾ। ਸੂਬੇ ਵਿੱਚ ਨਵੀਆਂ ਵਿਕਾਸ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸੂਬਾ ਵਿਕਾਸ ਦੇ ਨਵੇਂ ਰਿਕਾਰਡ ਕਾਇਮ ਕਰੇਗਾ।
ਇਸ ਦੇ ਨਾਲ ਹੀ ਮਨੋਹਰ ਨਾਲ ਖੱਟਰ ਨੇ ਵਿਰੋਧੀ ਧਿਰ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਰਾਜ ਵਿਕਾਸ ਦੇ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਅੱਜ ਸਮਾਂ ਆ ਗਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਵਿਰੋਧੀ ਧਿਰਾਂ ਵੱਲੋਂ ਫੈਲਾਏ ਜਾ ਰਹੇ ਭੁਲੇਖੇ ਦੂਰ ਕੀਤੇ ਜਾਣ।
ਇਸ ਤੋਂ ਇਲਾਵ ਉਨ੍ਹਾਂ ਪਾਰਟੀ ਦੇ ਸਮੂਹ ਵਰਕਰਾਂ ਨੂੰ ਸੱਦਾ ਦਿੱਤਾ ਕਿ ਅਸੀਂ ਸੋਨੀਪਤ ਦੀਆਂ ਸਾਰੀਆਂ ਛੇ ਵਿਧਾਨ ਸਭਾ ਸੀਟਾਂ ਤੇ ਜਿੱਤ ਹਾਸਿਲ ਕਰਨੀ ਹੈ। ਇਸ ਲਈ ਵਿਰੋਧੀ ਧਿਰ ਵੱਲੋਂ ਲੋਕਾਂ ਵਿੱਚ ਫੈਲਾਏ ਗਏ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਘਰ-ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕਰਨੀ ਪਵੇਗੀ। ਜਿੱਤ ਦੇ ਇਸੇ ਟੀਚੇ ਲਈ ਸਾਨੂੰ ਦ੍ਰਿੜ ਇਰਾਦੇ ਨਾਲ ਅੱਗੇ ਵਧਣਾ ਹੋਵੇਗਾ।