ਲੁਧਿਆਣਾ – ਫਿਰੋਜ਼ਪੁਰ ਰੋਡ ਦੇ ਕਿੰਗ ਐਨਕਲੇਵ ’ਚ ਬਾਈਕ ਸਵਾਰ 3 ਨਕਾਬਪੋਸ਼ ਬਦਮਾਸ਼ਾਂ ਨੇ ਇਕ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਬਣਾਇਆ। ਤੇਜ਼ਧਾਰ ਹਥਿਆਰਾਂ ਦੀ ਨੋਕ ’ਤੇ ਦੁਕਾਨਦਾਰ ਤੋਂ 2.50 ਲੱਖ ਰੁਪਏ ਲੁੱਟ ਲਏ। ਜਦੋਂ ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ, ਪਰ ਫਿਰ ਵੀ ਦੁਕਾਨਦਾਰ ਨੇ ਹਾਰ ਨਾ ਮੰਨਦੇ ਹੋਏ 1 ਲੁਟੇਰੇ ਨੂੰ ਦਬੋਚ ਲਿਆ, ਜਦੋਂਕਿ ਬਾਕੀ 2 ਲੁਟੇਰੇ ਕੈਸ਼ ਲੈ ਕੇ ਫਰਾਰ ਹੋ ਗਏ।
ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ ’ਤੇ ਪੁੱਜੀ। ਲੋਕਾਂ ਨੇ ਮੁਲਜ਼ਮ ਨੂੰ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਮੁਲਜ਼ਮ ਖਿਲਾਫ ਕਾਰਵਾਈ ਕਰ ਕੇ ਉਸ ਦੇ ਬਾਕੀ 2 ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਦੁਕਾਨਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਮੇਨ ਰੋਡ ’ਤੇ ਸਥਿਤ ਸ਼ਰਮਾ ਮਾਰਕੀਟ, ਕਿੰਗ ਐਨਕਲੇਵ ’ਚ ਉਸ ਦੀ ਮੋਬਾਈਲਾਂ ਦੀ ਦੁਕਾਨ ਹੈ। ਉਹ ਦੁਕਾਨ ’ਤੇ ਇਕੱਲਾ ਬੈਠਾ ਸੀ ਤਾਂ ਉਸੇ ਸਮੇਂ ਬਾਈਕ ਸਵਾਰ 3 ਨੌਜਵਾਨ ਉਸ ਦੀ ਦੁਕਾਨ ਦੇ ਬਾਹਰ ਆ ਕੇ ਰੁਕੇ। ਇਕ ਨੌਜਵਾਨ ਬਾਈਕ ਸਟਾਰਟ ਕਰ ਕੇ ਬਾਹਰ ਖੜ੍ਹਾ ਰਿਹਾ, ਜਦੋਂਕਿ 2 ਨੌਜਵਾਨ ਦੁਕਾਨ ਦੇ ਅੰਦਰ ਆਏ। ਉਨ੍ਹਾਂ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੇ ਮੋਬਾਈਲ ਕਵਰ ਖਰੀਦਣਾ ਹੈ।
ਹਰਪ੍ਰੀਤ ਮੁਤਾਬਕ ਜਿਉਂ ਹੀ ਉਹ ਕਵਰ ਦਿਖਾਉਣ ਲੱਗਾ ਤਾਂ ਇਕ ਲੁਟੇਰੇ ਨੇ ਦੁਕਾਨ ਦਾ ਸ਼ਟਰ ਸੁੱਟ ਦਿੱਤਾ। ਬਦਮਾਸ਼ਾਂ ਨੇ ਬੈਗ ’ਚੋਂ ਤੇਜ਼ਧਾਰ ਹਥਿਆਰ ਕੱਢ ਕੇ ਉਸ ਦੀ ਗਰਦਨ ’ਤੇ ਰੱਖ ਦਿੱਤਾ । ਉਸ ਦੀ ਦੁਕਾਨ ’ਚ ਕਰੀਬ 3 ਲੱਖ ਰੁਪਏ ਦੀ ਨਕਦੀ ਪਈ ਸੀ, ਜਿਸ ’ਚੋਂ ਲੁਟੇਰੇ ਨੇ ਕਰੀਬ 2.50 ਲੱਖ ਰੁਪਏ ਲੁੱਟ ਲਏ।