ਪੰਜਾਬ ਵਿੱਚ ਇੱਕ ਜੂਨ ਨੂੰ ਵੋਟਾਂ ਪੈਣੀਆਂ ਹਨ। ਸਾਰੇ ਪੰਜਾਬ ’ਚ ਜ਼ੋਰਾਂ-ਸ਼ੋਰਾਂ ਨਾਲ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਜਿੱਥੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਲਈ ਪੰਜਾਬ ਪਹੁੰਚੇ ਤਾਂ ਉੱਥੇ ਹੀ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਪੰਜਾਬ ’ਚ ਚੋਣ ਪ੍ਰਚਾਰ ਲਈ ਪਹੁੰਚੇ ਹਨ। ਇਸੇ ਲੜੀ ਤਹਿਤ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਵੀ ਭਲਕੇ 24 ਮਈ ਨੂੰ ਪੰਜਾਬ ਦਾ ਦੌਰਾ ਕਰਨਗੇ। ਇਸ ਦੌਰਾਨ ਕੁਮਾਰੀ ਮਾਇਆਵਤੀ ਨਵਾਂ ਸ਼ਹਿਰ ’ਚ ਪਾਰਟੀ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ ਕਰਨਗੇ।
ਇਹ ਜਾਣਕਾਰੀ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਜੀ ਕੱਲ ਸੂਬਾ ਪੱਧਰੀ ਰੈਲ੍ਹੀ ਨੂੰ ਸੰਬੋਧਨ ਕਰਨ ਲਈ ਨਵਾਂਸ਼ਹਿਰ ਪਹੁੰਚ ਕਰਨਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੜੀ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ’ਤੇ ਪਾਰਟੀ ਦੇ ਉਮੀਦਵਾਰ ਬੜੀ ਮਜਬੂਤੀ ਨਾਲ ਡਟੇ ਹੋਏ ਹਨ। ਜੋ ਅੱਧੀਆਂ ਤੋਂ ਜਿਆਦਾ ਸੀਟਾਂ ’ਤੇ ਜਿੱਤ ਲਈ ਰਾਜਨੀਤਿਕ ਨਤੀਜਿਆਂ ’ਤੇ ਭਾਰੀ ਅਸਰ ਪਾਉਣਗੇ।
ਇਸ ਦੇ ਨਾਲ ਹੀ ਗੜੀ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦੇ ਹੋਏ ‘ਆਪ’ ਨੂੰ ਦਲਿਤ ਪਿਛੜਾ ਵਿਰੋਧੀ ਦੱਸਿਆ। ਬਸਪਾ ਸੂਬਾ ਪ੍ਰਧਾਨ ਨੇ ਵੱਖ-ਵੱਖ ਮੁੱਦਿਆ ਨੂੰ ਲੈ ਕੇ ਪੰਜਾਬ ਸਰਕਾਰ ਦੀ ਘੇਰਾਬੰਦੀ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਕੇਸਗੜ੍ਹ ਸਾਹਿਬ ਨੂੰ ਜੋੜਨ ਵਾਲਾ ਸੰਗਤਪੁਰ ਪਿੰਡ ਦਾ ਪੁਲ ਕਿਸੇ ਵੀ ਸਮੇਂ ਹਾਦਸਾ ਦਾ ਕਾਰਨ ਬਣ ਸਕਦਾ ਹੈ ਜੋ ਡਿੱਗਣ ਦੇ ਮਿਆਰ ’ਤੇ ਹੈ। ਕੀਰਤਪੁਰ ਸਾਹਿਬ ਦੇ ਚੱਗਰ ਇਲਾਕੇ ਵਿੱਚ ਪਾਣੀ ਦੀ ਸਮੱਸਿਆ ਦੇ ਨਾਲ-ਨਾਲ ਸਕੂਲੀ ਵਿਦਿਆਰਥੀ ਸਕੂਲਾਂ ਦੀ ਸਹੂਲਤ ਤੋਂ ਵੀ ਵਾਂਝੇ ਹਨ। ਇਸੇ ਲਈ ਉਨ੍ਹਾਂ ਨੂੰ ਹਿਮਾਚਲ ਦੇ ਸਕੂਲਾਂ ’ਚ ਪੜ੍ਹਾਈ ਲਈ ਜਾਣਾ ਪੈ ਰਿਹਾ ਹੈ।