ਗੋਰਖਪੁਰ (ਯੂਪੀ) : ਗੋਰਖਪੁਰ ਦੇ ਪਿਪਰਾਇਚ ਇਲਾਕੇ ਵਿੱਚ ਸੰਕਟ ਮੋਚਨ ਹਨੂੰਮਾਨ ਮੰਦਰ ਵਿੱਚ ਆਰਤੀ ਦੌਰਾਨ ਇੱਕ ਵਿਅਕਤੀ ਨੇ ਔਰਤਾਂ ‘ਤੇ ਮਾਸ ਦੇ ਟੁਕੜੇ ਸੁੱਟ ਦਿੱਤੇ। ਘਟਨਾ ਤੋਂ ਬਾਅਦ ਲੋਕਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਪੁਲਸ ਦੇ ਹਵਾਲੇ ਕਰ ਦਿੱਤਾ।
ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਪਿਪਰਾਇਚ ਰੇਲਵੇ ਸਟੇਸ਼ਨ ਨੇੜੇ ਸਥਿਤ ਸੰਕਟ ਮੋਚਨ ਮੰਦਰ ‘ਚ ਆਰਤੀ ਦੌਰਾਨ ਇੱਕ ਵਿਅਕਤੀ ਨੇ ਔਰਤਾਂ ‘ਤੇ ਮਾਸ ਦੇ ਟੁਕੜੇ ਸੁੱਟੇ। ਔਰਤਾਂ ਦੇ ਚੀਕਣ ਨਾਲ ਹਫੜਾ-ਦਫੜੀ ਮਚ ਗਈ। ਉਨ੍ਹਾਂ ਕਿਹਾ ਕਿ ਮੰਦਰ ਦੇ ਬਾਹਰ ਮੌਜੂਦ ਸਥਾਨਕ ਲੋਕਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਉਸਦੀ ਕੁੱਟਮਾਰ ਕੀਤੀ। ਇਸ ਦੌਰਾਨ, ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਤੇ ਲੋਕਾਂ ਨੇ ਦੋਸ਼ੀ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਉਮੇਸ਼ ਯਾਦਵ (35) ਵਜੋਂ ਹੋਈ ਹੈ। ਪੁਲਸ ਨੇ ਕਿਹਾ ਕਿ ਦੋਸ਼ੀ ਸ਼ਰਾਬੀ ਜਾਪਦਾ ਸੀ। ਮੌਕੇ ‘ਤੇ ਪਹੁੰਚੇ ਚੌਰੀ-ਚੌਰਾ ਪੁਲਸ ਸਰਕਲ ਅਫਸਰ ਅਨੁਰਾਗ ਸਿੰਘ ਨੇ ਕਿਹਾ, “ਉਮੇਸ਼ ਆਪਣਾ ਬਿਆਨ ਬਦਲ ਰਿਹਾ ਹੈ। ਇੱਕ ਸਮੇਂ ‘ਤੇ, ਉਸਨੇ ਦਾਅਵਾ ਕੀਤਾ ਕਿ ਇੱਕ ਸਥਾਨਕ ਮੀਟ ਵੇਚਣ ਵਾਲੇ ਨੇ ਉਸਨੂੰ ਅਜਿਹਾ ਕਰਨ ਲਈ ਕਿਹਾ ਸੀ।”