ਜਲੰਧਰ – ਸੂਬਾ ਸਰਕਾਰ ਨੇ ਉਂਝ ਤਾਂ ਮਰੀਜ਼ਾਂ ਦੀ ਸਹੂਲਤ ਲਈ ਥਾਂ-ਥਾਂ ਆਮ ਆਦਮੀ ਕਲੀਨਿਕ ਖੋਲ੍ਹੇ ਸਨ ਪਰ ਸ਼ਾਇਦ ਉਥੇ ਤਾਇਨਾਤ ਸਟਾਫ ਵੀ ਇਨ੍ਹਾਂ ਦਾ ਫਾਇਦਾ ਉਠਾਉਣ ਲੱਗਾ ਹੈ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜ਼ਿਲ੍ਹੇ ਦੇ ਇਕ ਆਮ ਆਦਮੀ ਕਲੀਨਿਕ ਵਿਚ ਤਾਇਨਾਤ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਪੈਸਿਆਂ ਦੇ ਲਾਲਚ ਵਿਚ ਮਰੀਜ਼ਾਂ ਦੀ ਫਰਜ਼ੀ ਐਂਟਰੀ ਪਾ ਰਹੇ ਸਨ ਅਤੇ ਜਦੋਂ ਇਸ ਗੱਲ ਦਾ ਖ਼ੁਲਾਸਾ ਹੋਇਆ ਤਾਂ ਵਿਭਾਗ ਨੇ ਤੁਰੰਤ ਦੋਵਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ।
ਸਿਹਤ ਵਿਭਾਗ ਦੇ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਕੋਦਰ ਵਿਚ ਸਥਿਤ ਇਕ ਆਮ ਆਦਮੀ ਕਲੀਨਿਕ ਵਿਚ ਤਕਰੀਬਨ ਹਰ ਰੋਜ਼ 150 ਤੋਂ 175 ਮਰੀਜ਼ਾਂ ਦੀ ਐਂਟਰੀ ਪਾਈ ਜਾ ਰਹੀ ਸੀ ਅਤੇ ਜਦੋਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵਿਚ ਕੁਝ ਸ਼ੱਕ ਹੋਇਆ ਤਾਂ ਉਨ੍ਹਾਂ ਉਕਤ ਆਮ ਆਦਮੀ ਕਲੀਨਿਕ ਵਿਚ ਜਾ ਕੇ ਜਾਂਚ ਕੀਤੀ। ਉਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਥੇ ਮੈਡੀਕਲ ਅਫਸਰ ਤੇ ਕਲੀਨਿਕਲ ਅਸਿਸਟੈਂਟ ਨੇ ਟੈਬਲੇਟ ਵਿਚ ਜਿੰਨੇ ਮਰੀਜ਼ਾਂ ਦੀ ਐਂਟਰੀ ਪਾਈ ਹੈ, ਉਸ ਨਾਲੋਂ ਘੱਟ ਮਰੀਜ਼ਾਂ ਦੀ ਐਂਟਰੀ ਫਾਰਮਾਸਿਸਟ ਦੇ ਟੈਬਲੇਟ ਵਿਚ ਹੈ।
ਅਧਿਕਾਰੀਆਂ ਨੇ ਜਦੋਂ ਮਾਮਲੇ ਦੀ ਬਹੁਤ ਬਾਰੀਕੀ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮੈਡੀਕਲ ਅਫਸਰ ਅਤੇ ਕਲੀਨਿਕਲ ਅਸਿਸਟੈਂਟ ਆਪਸੀ ਮਿਲੀਭੁਗਤ ਨਾਲ ਮਰੀਜ਼ਾਂ ਦੀ ਫਰਜ਼ੀ ਐਂਟਰੀ ਪਾ ਰਹੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ।