ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲਗਾਤਾਰ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਲੋਕ ਭਲਾਈ ਦੇ ਕੰਮਾਂ ਦੇ ਨਾਲ ਹੀ ਸਰਕਾਰ ਕੌਮੀ ਮਾਰਗਾਂ ਨਾਲ ਸੰਬੰਧਿਤ ਮਾਮਲਿਆਂ ਨੂੰ ਲੈ ਕੇ ਵੀ ਸੰਬੰਧਿਤ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਦਰਅਸਲ ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦੀ ਹਲਕੇ ਨਾਲ ਸਬੰਧਤ ਕੌਮੀ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਕੇਂਦਰੀ ਸਰਕਾਰ ਦੇ ਅੱਗ ਰੱਖੇ ਹਨ। ਗੁਰਮੀਤ ਸਿੰਘ ਹੇਅਰ ਨੇ ਇਹ ਮਾਮਲੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਚੁੱਕੇ। ਇਸ ਦੌਰਾਨ ਨਿੱਜੀ ਤੌਰ ’ਤੇ ਮਸਲਿਆਂ ਦਾ ਮਾਮਲਾ ਚੁੱਕਣ ’ਤੇ ਕੇਂਦਰੀ ਮੰਤਰੀ ਨੇ ਮੀਤ ਹੇਅਰ ਦੀਆਂ ਮੰਗਾਂ ਨੂੰ ’ਤੇ ਗੌਰ ਫ਼ਰਮਾਉਣ ਦਾ ਵਿਸ਼ਵਾਸ ਦਿਵਾਇਆ।
ਦਰਅਸਲ ਮੀਤ ਹੇਅਰ ਨੇ ਨਿਤਿਨਿ ਗਡਕਰੀ ਦੇ ਅੱਗੇ ਬਰਨਾਲਾ-ਮੋਗਾ ਕੌਮੀ ਮਾਰਗ 703 ਉਤੇ ਚੀਮਾ-ਜੋਧਪੁਰ ’ਤੇ ਫਲਾਈਓਵਰ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਆਖਿਆ ਕਿ ਸੜਕ ਦੇ ਦੋਵੇਂ ਪਾਸੇ ਦੋ ਪਿੰਡ ਚੀਮਾ ’ਤੇ ਜੋਧਪੁਰ ਪੈਂਦੇ ਹੋਣ ਕਾਰਨ ਇਨ੍ਹਾਂ ਪਿੰਡਾਂ ਦੀ ਵੱਸੋਂ ਨੂੰ ਬੱਸ ਅੱਡੇ ਕੋਲ ਕਰਾਸ ਕਰਨ ਦੀ ਪਰੇਸ਼ਾਨੀ ਆਉਂਦੀ ਹੈ ਅਤੇ ਫਲਾਈਓਵਰ ਨਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਰਹਿੰਦਾ ਹੈ। ਇਸੇ ਤਰ੍ਹਾਂ ਬਰਨਾਲਾ-ਸੰਗਰੂਰ ਕੌਮੀ ਮਾਰਗ 64 ਉੱਪਰ ਬਡਬਰ ਪਿੰਡ ’ਚ ਫਲਾਈਓਵਰ ਦੀ ਬਹੁਤ ਲੋੜ ਹੈ। ਇਸ ਥਾਂ ਤੋਂ ਲੌਂਗੋਵਾਲ-ਸੁਨਾਮ ਵੱਲ ਵੱਖਰੀ ਰੋਡ ਨਿਕਲਦੀ ਹੈ, ਜਿਸ ਕਾਰਨ ਉੱਥੇ ਜਾਮ ਲੱਗੇ ਰਹਿੰਦੇ ਹਨ ਅਤੇ ਫਲਾਈਓਵਰ ਬਣਾਉਣ ਦੀ ਤੁਰੰਤ ਲੋੜ ਹੈ।
ਇਸ ਦੇ ਨਾਲ ਹੀ ਮੀਤ ਹੇਅਰ ਨੇ ਤੀਜਾ ਮਾਮਲਾ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਵੀ ਮੰਗ ਰੱਖੀ। ਪਹਿਲੀ ਸੜਕ ਸਾਢੇ ਸੱਤ ਕਿਲੋਮੀਟਰ ਹੈ ਜੋ ਜੇਲ੍ਹ ਤੋਂ ਬਰਨਾਲਾ ਸ਼ਹਿਰ ਵਿੱਚ ਕਚਹਿਰੀ, ਆਈ ਟੀ ਆਈ ਚੌਕ ਵਿੱਚੋਂ ਗੁਜ਼ਰਦੀ ਹੰਢਿਆਇਆ ਚੌਕ ਤੱਕ ਜਾਂਦੀ ਹੈ ਅਤੇ ਦੂਜੀ ਸੜਕ ਆਈ.ਟੀ.ਆਈ. ਚੌਕ ਤੋਂ ਹੰਢਿਆਇਆ ਤੱਕ ਸਾਢੇ ਤਿੰਨ ਕਿਲੋਮੀਟਰ ਹੈ। ਇਹ ਕੁੱਲ 10 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦੀ ਲੋੜ ਹੈ ਤਾਂ ਜੋ ਟ੍ਰੈਫਿਕ ਵਿਵਸਥਾ ਹੋਰ ਸੁਖਾਲੀ ਹੋ ਸਕੇ। ਇਸ ਦੌਰਾਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ ਚੁੱਕੇ ਗਏ ਤਿੰਨੇ ਮਾਮਲਿਆਂ ’ਤੇ ਸਕਰਾਤਮਕ ਰਵੱਈਆ ਰੱਖਦੇ ਹੋਏ ਇਨ੍ਹਾਂ ਦੇ ਹੱਲ ਦਾ ਵਿਸ਼ਵਾਸ ਦਿਵਾਇਆ।