ਅੰਮ੍ਰਿਤਸਰ : ਨਸ਼ੇ ਦੀ ਲਾਹਨਤ ਨਾਲ ਲੜਨ ਅਤੇ ਪੰਜਾਬ ਵਿੱਚ ਨੌਜਵਾਨਾਂ ਦੇ ਪੁਨਰਵਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਕਦਮ ਵਜੋ, ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਅੰਮ੍ਰਿਤਸਰ ਵਿੱਚ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਦਾ ਦੌਰਾ ਕੀਤਾ। ਰਾਜਪਾਲ ਇਸ ਸਮੇਂ ‘ਯੁੱਧ ਨਸ਼ਿਆ ਵਿਰੁੱਧ ਪਦ ਯਾਤਰਾ’ (ਨਸ਼ਿਆਂ ਵਿਰੁੱਧ ਯੁੱਧ) ਸਿਰਲੇਖ ਵਾਲੀ 8-ਦਿਨਾਂ ਵਾਕਾਥੌਨ ਕਰ ਰਹੇ ਹਨ, ਜਿਸ ਵਿੱਚ ਰਾਜ ਭਰ ਵਿੱਚ ਨਸ਼ਿਆਂ ਦੀ ਦੁਰਵਰਤੋਂ ਨੂੰ ਖਤਮ ਕਰਨ ਦੀ ਫੌਰੀ ਲੋੜ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।
ਆਪਣੇ ਵਾਕਾਥੌਨ ਦੇ ਆਖ਼ਰੀ ਤੋਂ ਪਹਿਲੇ ਦਿਨ ਉਨ੍ਹਾਂ ਨੇ ਸੰਨ ਫਾਊਂਡੇਸ਼ਨ ਦੁਆਰਾ ਚਲਾਏ ਜਾ ਰਹੇ ਹੁਨਰ ਕੇਂਦਰ ਦਾ ਜਾਇਜ਼ਾ ਲਿਆ ਜੋ ਨਸ਼ਿਆਂ ਤੋ ਮੁਕਤ ਹੋਏ ਨੌਜਵਾਨਾਂ ਲਈ ਕਿੱਤਾਮੁਖੀ ਸਿਖਲਾਈ ਅਤੇ ਨੌਕਰੀਆਂ ਪ੍ਰਦਾਨ ਕਰਦਾ ਹੈ। ਸੰਪੂਰਨ ਪੁਨਰਵਾਸ ਮਾਡਲ ਤੋਂ ਪ੍ਰਭਾਵਿਤ ਹੋ ਕੇ, ਕਟਾਰੀਆ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਕਰਨਾ ਕਾਫ਼ੀ ਨਹੀਂ ਹੈ, ਸਗੋਂ ਹੁਨਰ ਵਿਕਾਸ ਅਤੇ ਟਿਕਾਊ ਰੁਜ਼ਗਾਰ ਰਾਹੀਂ ਉਨ੍ਹਾਂ ਦਾ ਪੁਨਰਵਾਸ ਵੀ ਓਨਾ ਹੀ ਮਹੱਤਵਪੂਰਨ ਹੈ। ਸੰਨ ਫਾਊਂਡੇਸ਼ਨ ਦੇ ਨਸ਼ਾ ਛੁਡਾਊ ਕੇਂਦਰ ਨੂੰ ਰੋਜ਼ੀ-ਰੋਟੀ ਦੇ ਮੌਕਿਆਂ ਨਾਲ ਜੋੜਨ ਦਾ ਮਾਡਲ ਇੱਕ ਸ਼ਲਾਘਾਯੋਗ ਅਤੇ ਅਤਿ ਜ਼ਰੂਰੀ ਹੰਭਲਾ ਹੈ।