ਹੁਸ਼ਿਆਰਪੁਰ ਪੰਚਾਇਤੀ ਚੋਣਾਂ ਦਰਮਿਆਨ ਹੁਸ਼ਿਆਰਪੁਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਪਿੰਡ ਡਗਾਣਾ ਖ਼ੁਰਦ ਵਿਖੇ ਸਰਪੰਚੀ ਦੀ ਉਮੀਦਵਾਰ ਪ੍ਰਵਾਸੀ ਮਜ਼ਦੂਰ ਨੇ ਜਿੱਤ ਹਾਸਲ ਕਰ ਕੇ ਪਿੰਡ ਦੀ ਸਰਪੰਚੀ ‘ਤੇ ਕਬਜ਼ਾ ਕਰ ਲਿਆ ਹੈ।
ਪਿੰਡ ਦੀਆਂ ਕੁੱਲ 107 ਵੋਟਾਂ ‘ਚੋਂ 47 ਵੋਟਾਂ ਲੈ ਕੇ ਰਾਮ ਬਾਈ ਨੇ ਸਰਪੰਚੀ ਦੀਆਂ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ, ਜਦਕਿ ਉਸ ਦੀ ਮੁਕਾਬਲੇਬਾਜ਼ ਸੀਮਾ ਨੂੰ ਸਿਰਫ਼ 17 ਵੋਟਾਂ ਹਾਸਲ ਹੋਈਆਂ। ਇਸ ਜਿੱਤ ਮਗਰੋਂ ਉਨ੍ਹਾਂ ਦੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਉਹ ਇਕ ਦੂਜੇ ਨੂੰ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾ ਰਹੇ ਹਨ।
ਜਿੱਤ ਹਾਸਲ ਕਰਨ ਤੋਂ ਬਾਅਦ ਰਾਮ ਬਾਈ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸੌਂਪੀ ਗਈ ਇਸ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ਇਕ ਵਾਰ ਸਰਪੰਚ ਰਹਿ ਚੁੱਕੇ ਹਨ ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਦੁਬਾਰਾ ਸਰਪੰਚ ਚੁਣੇ ਜਾਣ ‘ਤੇ ਉਹ ਲੋਕਾਂ ਦਾ ਧੰਨਵਾਦ ਕਰਦੇ ਹਨ।