ਚੰਡੀਗੜ੍ਹ : ਸੰਤ ਸੀਚੇਵਾਲ ਦੇ ਮੁੱਦੇ ‘ਤੇ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਪੰਜਾਬ ਵਿਧਾਨ ਸਭਾ ‘ਚ ਨਿੰਦਾ ਪ੍ਰਸਤਾਵ ਲਿਆਉਣ ਤੋਂ ਬਾਅਦ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇੱਥੇ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਦੱਸੇ ਹੋਏ ਮਾਰਗ ‘ਤੇ ਚੱਲਣ ਵਾਲੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਸਦਨ ‘ਚ ਠੇਕੇਦਾਰ ਕਿਹਾ ਗਿਆ ਗਿਆ। ਉਨ੍ਹਾਂ ਕਿਹਾ ਕਿ ਮੰਤਰੀ ਦੇ ਨਾਤੇ ਨਹੀਂ, ਸਗੋਂ ਇਕ ਪੰਜਾਬੀ ਅਤੇ ਸਿੱਖ ਹੋਣ ਦੇ ਨਾਤੇ ਮੇਰੇ ਮਨ ਨੂੰ ਡੂੰਘਾ ਧੱਕਾ ਲੱਗਾ ਹੈ। ਸੰਤ ਸੀਚੇਵਾਲ ਨੇ 1999 ‘ਚ ਪਹਿਲਾਂ ਸੀਚੇਵਾਲ ਮਾਡਲ ਬਣਾਇਆ। ਸਾਲ 2000 ‘ਚ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਪਵਿੱਤਰ ਕਾਲੀ ਵੇਈਂ ਨੂੰ 16 ਸਾਲਾਂ ਤੱਕ ਕਾਰ ਸੇਵਾ ਕਰਕਾ ਸਾਫ਼ ਕੀਤਾ।
ਅੱਜ ਲੋਕ ਉੱਥੇ ਇਸ਼ਨਾਨ ਕਰਦੇ ਹਨ। ਇਸ ਦੌਰਾਨ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏ. ਪੀ. ਜੇ ਅਬਦੁਲ ਕਲਾਮ ਉਨ੍ਹਾਂ ਨੂੰ 2 ਵਾਰ ਮਿਲਣ ਆਏ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੰਤ ਹਰ ਇਕ ਸੂਬੇ ਕੋਲ ਹੋਵੇ। ਉਨ੍ਹਾਂ ਨੇ ਸੀਚੇਵਾਲ ਮਾਡਲ ਬਾਰੇ ਇਹ ਗੱਲ ਕਹੀ ਕਿ ਇਹ ਮਾਡਲ ਸਭ ਤੋਂ ਉੱਤਮ ਹੈ। ਹਰਜੋਤ ਬੈਂਸ ਨੇ ਕਿਹਾ ਕਿ ਰਾਜ ਸਭਾ ‘ਚ ਜਾਣ ਤੋਂ ਪਹਿਲਾਂ ਸੰਤ ਸੀਚੇਵਾਲ ਨੇ ਇੱਕੋ ਗੱਲ ਕਹੀ ਸੀ ਕਿ ਮੈਂ ਸਿਰਫ ਉੱਥੇ ਪੰਜਾਬ ਦੇ ਵਾਤਾਵਰਣ, ਦੇਸ਼ ਦੇ ਵਾਤਾਵਰਣ ਅਤੇ ਪਾਣੀਆਂ ਦੀ ਗੱਲ ਕਰਾਂਗਾ।