ਚੰਡੀਗੜ੍ਹ, 6 ਅਪ੍ਰੈਲ
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਡਾ. ਭੀਮ ਰਾਓ ਅੰਬੇਡਕਰ ਬਾਰੇ ਦਿੱਤੇ ਘਟੀਆ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ। ਇੱਥੇ ਵੰਡ ਪਾਉਣ ਵਾਲੇ ਲੋਕ ਕਦੇ ਕਾਮਯਾਬ ਨਹੀਂ ਹੋਣਗੇ।
ਐਤਵਾਰ ਨੂੰ ਪਾਰਟੀ ਦਫ਼ਤਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਗੁਰਪਤਵੰਤ ਪੰਨੂ ਨੇ ਸਿੱਖੀ ਦੇ ਨਾਂ ‘ਤੇ ਬਹੁਤ ਹੀ ਘਿਨਾਉਣੀ ਬਿਆਨਬਾਜ਼ੀ ਕੀਤੀ ਹੈ | ਉਸ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਸਿੱਖ ਧਰਮ ਅਤੇ ਡਾ. ਅੰਬੇਡਕਰ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਉਨ੍ਹਾਂ ਕਿਹਾ, “ਸਾਡੇ ਗੁਰੂਆਂ ਨੇ ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਹੈ ਅਤੇ ਸਿੱਖ ਧਰਮ ਵਿੱਚ ਪਾਠ ਕਰਨ ਤੋਂ ਬਾਅਦ ਹਮੇਸ਼ਾ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ‘ਰੰਗਰੇਟੇ ਗੁਰੂ ਦੇ ਬੇਟੇ’ ਕਿਹਾ ਸੀ। ਸਿੱਖ ਧਰਮ ਦੇ ਪੰਚ ਪਿਆਰੇ ਵੀ ਇਸ ਦੀ ਇੱਕ ਮਿਸਾਲ ਹਨ। ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਹਿੰਦੂ ਧਰਮ ਲਈ ਆਵਾਜ਼ ਬੁਲੰਦ ਕੀਤੀ ਸੀ।”
ਡਾ. ਅੰਬੇਡਕਰ ਖ਼ੁਦ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸਨ। ਉਨ੍ਹਾਂ ਨੇ ਸੰਵਿਧਾਨ ਰਾਹੀਂ ਸਮਾਜ ਦੇ ਦੱਬੇ-ਕੁਚਲੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ। ਉਨ੍ਹਾਂ ਨੇ ਔਰਤਾਂ ਅਤੇ ਘੱਟ ਗਿਣਤੀਆਂ ਲਈ ਸੰਵਿਧਾਨ ਵਿੱਚ ਵਿਸ਼ੇਸ਼ ਵਿਵਸਥਾਵਾਂ ਵੀ ਕੀਤੀਆਂ। ਡਾ. ਅੰਬੇਡਕਰ ਸਿਰਫ਼ ਦਲਿਤਾਂ ਦੇ ਹੀ ਨਹੀਂ ਸਨ, ਉਹ ਹਰ ਵਰਗ ਨਾਲ ਸਬੰਧਿਤ ਸਨ। ਅਜਿਹੇ ਮਹਾਨ ਵਿਅਕਤੀ ਵਿਰੁੱਧ ਅਜਿਹੀਆਂ ਘਟੀਆ ਟਿੱਪਣੀਆਂ ਬੇਹੱਦ ਸ਼ਰਮਨਾਕ ਹਨ।
ਉਨ੍ਹਾਂ ਨੇ ਕਿਹਾ ਕਿ ਗੁਰਪਤਵੰਤ ਪੰਨੂ ਕਹਿ ਰਿਹਾ ਹੈ ਕਿ ਮੈਂ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਤੋੜਾਂਗਾ, ਮੈਂ ਉਸ ਨੂੰ ਦੱਸਣਾ ਚਾਹੁੰਦੀ ਹਾਂ ਕਿ ਡਾ. ਅੰਬੇਡਕਰ ਦੇ ਬੁੱਤ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਬਲਕਿ ਕੈਨੇਡਾ, ਅਮਰੀਕਾ, ਜਾਪਾਨ ਸਮੇਤ ਕਈ ਦੇਸ਼ਾਂ ਵਿੱਚ ਹਨ। ਉਹ ਕਿੱਥੇ- ਕਿੱਥੇ ਉਨ੍ਹਾਂ ਦੇ ਬੁੱਤ ਤੋੜੇਗਾ?
ਅਸਲ ਵਿੱਚ ਗੁਰਪਤਵੰਤ ਪੰਨੂੰ ਅਜਿਹੇ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਪੈਦਾ ਕਰਨ ਦਾ ਕੰਮ ਕਰ ਰਿਹਾ ਹੈ ਪਰ ਇੱਥੇ ਆਪਸੀ ਭਾਈਚਾਰਾ ਕਦੇ ਵੀ ਟੁੱਟ ਨਹੀਂ ਸਕਦਾ ਕਿਉਂਕਿ ਪੰਜਾਬ ਦੇ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈ ਹਮੇਸ਼ਾ ਇਕੱਠੇ ਰਹੇ ਹਨ ਅਤੇ ਭਵਿੱਖ ਵਿੱਚ ਵੀ ਰਹਿਣਗੇ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰਨ ਵਾਲਿਆਂ ਨੂੰ ਸਾਡਾ ਸੰਦੇਸ਼ ਹੈ ਕਿ ਆਮ ਆਦਮੀ ਪਾਰਟੀ ਨਾ ਸਿਰਫ਼ ਉਨ੍ਹਾਂ ਦੇ ਬੁੱਤਾਂ ਦੀ ਰਾਖੀ ਕਰੇਗੀ ਸਗੋਂ ਉਨ੍ਹਾਂ ਦੇ ਵਿਚਾਰਾਂ ‘ਤੇ ਵੀ ਪਹਿਰਾ ਦੇਵੇਗੀ।