ਟਾਂਡਾ ਉੜਮੁੜ – ਮੁੱਖ ਮੰਤਰੀ ਭਗਵੰਤ ਮਾਨ ਵਾਲੀ ਆਮ ਆਦਮੀ ਪਾਰਟੀ ਪਾਰਟੀ ਦੀ ਸੂਬਾ ਸਰਕਾਰ ਨੇ ਪੰਜਾਬ ਵਿੱਚ ਸੱਤਾ ਸੰਭਾਲਦਿਆਂ ਹੀ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਵਿਸ਼ੇਸ਼ ਪਾਲਸੀਆਂ ਬਣਾਈਆਂ ਸਨ ਜਿਸ ਕਾਰਨ ਅੱਜ ਪੰਜਾਬ ਵਿੱਚ ਵੱਡੇ ਪੱਧਰ ‘ਤੇ ਨਜਾਇਜ਼ ਮਾਈਨਿੰਗ ‘ਤੇ ਰੋਕ ਲੱਗੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਜਲ ਸਰੋਤ ਅਤੇ ਮਾਈਨਿੰਗ ਵਿਭਾਗ ਦੇ ਮੰਤਰੀ ਵਰਿੰਦਰ ਗੋਇਲ ਨੇ ਆਮ ਆਦਮੀ ਪਾਰਟੀ ਦੇ ਸੂਬਾਈ ਮੀਤ ਪ੍ਰਧਾਨ ਅਤੇ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਦੇ ਗ੍ਰਹਿ ਵਿਖੇ ਪ੍ਰੈੱਸ ਵਾਰਤਾ ਦੌਰਾਨ ਗੱਲਬਾਤ ਕਰਦੇ ਹੋਏ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਪੌਂਗ ਡੈਮ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਅਤੇ ਖੇਤੀਬਾੜੀ ਵਾਸਤੇ ਨਹਿਰਾਂ ਨੂੰ ਪਾਣੀ ਦੇਣ ਦੀ ਤਜਵੀਜ ‘ਤੇ ਵੀ ਵਿਚਾਰ ਕੀਤਾ। ਇਸ ਮੌਕੇ ਗੋਇਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੱਤਾ ਸੰਭਾਲਣ ‘ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ‘ਤੇ ਸ਼ਿੰਕੰਜਾ ਕਸਦੇ ਹੋਏ ਜਿੱਥੇ ਮਾਮਲੇ ਦਰਜ ਕੀਤੇ, ਉੱਥੇ ਹੀ ਉਨ੍ਹਾਂ ਦੀ ਮਸ਼ੀਨਰੀ ਜ਼ਬਤ ਕਰਨ ਤੋਂ ਇਲਾਵਾ ਕਰੀਬ 60 ਕਰੋੜ ਰੁਪਏ ਦਾ ਜੁਰਮਾਨਾ ਵੀ ਵਸੂਲ ਕੀਤਾ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਾਜਾਇਜ਼ ਮਾਈਨਿੰਗ ਦਾ ਨਜਾਇਜ਼ ਹੀ ਰੌਲਾ ਪਾਇਆ ਜਾ ਰਿਹਾ ਹੈ ਜਦਕਿ ਸਮੁੱਚੇ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ‘ਤੇ ਕੰਟਰੋਲ ਹੈ। ਸਰਕਾਰ ਵੱਲੋਂ ਮਾਈਨਿੰਗ ਨੂੰ ਜਾਇਜ਼ ਬਣਾਉਣ ਵਾਸਤੇ ਜੋ ਤਰੀਕੇ ਅਪਣਾਏ ਹਨ ਉਹ ਕਾਰਗਰ ਸਾਬਤ ਹੋ ਰਹੇ ਹਨ।
ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਨੂੰ ਰੋਕਣ ਲਈ ਬਣਾਈਆਂ ਗਈਆਂ ਪਾਲਸੀਆਂ ਸਬੰਧੀ ਵੀ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ। ਇਸ ਸਮੇਂ ਉਨ੍ਹਾਂ ਅਹਿਮ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਹਿਰਾਂ ਦੇ ਪਾਣੀ ਨੂੰ ਪੰਜਾਬ ਦੇ ਲੋਕਾਂ ਦੀ ਖੇਤੀਬਾੜੀ ਵਾਸਤੇ ਪ੍ਰਦਾਨ ਕਰਨਾ ਵੀ ਇਕ ਸਰਕਾਰ ਦੀ ਵੱਡੀ ਉਪਲੱਬਧੀ ਹੈ।