ਗੁਰਦਾਸਪੁਰ – ਫਤਹਿਗੜ੍ਹ ਚੂੜੀਆਂ ਨਜ਼ਦੀਕ ਜ਼ਿਲਾ ਅੰਮ੍ਰਿਤਸਰ ਦੇ ਪਿੰਡ ਪੰਧੇਰ ਕਲਾਂ ਦੇ ਖੇਤਾਂ’ਚੋਂ ਇੱਕ ਮਿਜ਼ਾਇਲ ਨੁਮਾ ਮਲਬਾ ਮਿਲਿਆ ਹੈ ਅਤੇ ਇਹ ਮਲਬਾ ਪਿੰਡ ਦੇ ਬਾਹਰ ਖੇਤਾਂ ’ਚ ਇੱਕ ਘਰ ਦੇ ਨਜ਼ਦੀਕ ਹੀ ਮਿਲਿਆ, ਜਿਸ ਨਾਲ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਜ ਸਵੇਰੇ ਜਦ ਮਿਜ਼ਾਇਲ ਨੁਮਾ ਮਲਬੇ ਦੀ ਖ਼ਬਰ ਸਾਹਮਣੇ ਆਈ ਤਾਂ ਵੱਡੀ ਗਿੱਣਤੀ ’ਚ ਲੋਕ ਡਿੱਗਾ ਮਲਬਾ ਵੇਖਣ ਲਈ ਪਹੁੰਚ ਗਏ।
ਇਸ ਸਬੰਧੀ ਖੇਤ ਦੇ ਮਾਲਕ ਸਤਨਾਮ ਸਿੰਘ ਪੁੱਤਰ ਬਖਸ਼ੀਸ ਸਿੰਘ, ਹਰਪ੍ਰੀਤ ਕੌਰ ਪਤਨੀ ਸਤਨਾਮ ਸਿੰਘ ਅਤੇ ਗੁਆਂਢੀ ਸੁਖਵੰਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ 1 ਵਜੇ ਦੇ ਕਰੀਬ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਇੱਕ ਜ਼ੋਰ ਦੀ ਲਾਈਟ ਜੱਗੀ ਅਤੇ ਜਦ ਉਨ੍ਹਾਂ ਨੇ ਸਵੇਰੇ ਦੇਖਿਆ ਤਾਂ ਵੱਡਾ ਮਿਜ਼ਾਇਲ ਨੁਮਾ ਮਲਬਾ ਉਨ੍ਹਾਂ ਦੇ ਘਰ ਨਾਲ ਲੱਗਦੇ ਖੇਤਾਂ ’ਚ ਪਿਆ ਸੀ। ਇਸ ਦੌਰਾਨ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਅਤੇ ਤੁਰੰਤ ਹੀ ਮਜੀਠਾ ਦੇ ਡੀ. ਐੱਸ. ਪੀ. ਅਮੋਲਕ ਸਿੰਘ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ ਅਤੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।