ਜਲੰਧਰ –ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਫੜੇ ਗਏ ਵਿਧਾਇਕ ਰਮਨ ਅਰੋੜਾ ਦੇ ਰਾਜ਼ਦਾਰ ਮਹੇਸ਼ ਮਖੀਜਾ ਉਰਫ਼ ਰਾਜੂ ਨੂੰ ਆਖਿਰਕਾਰ ਫਗਵਾੜਾ ਸਥਿਤ ਉਸ ਦੇ ਇਕ ਦੋਸਤ ਦੀ ਫੈਕਟਰੀ ਵਿਚੋਂ ਬੀਤੀ ਰਾਤ 2 ਵਜੇ ਕਾਬੂ ਕਰ ਲਿਆ, ਜਦਕਿ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਅਤੇ ਬੇਟਾ ਰਾਜਨ ਅਰੋੜਾ ਅਜੇ ਵੀ ਫ਼ਰਾਰ ਹਨ। ਹਾਲਾਂਕਿ ਵਿਜੀਲੈਂਸ ਨੇ ਸ਼ੁੱਕਰਵਾਰ ਤੜਕੇ ਉਸ ਨੂੰ ਜਲੰਧਰ ਲਿਆ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਸੀ। ਮਖੀਜਾ ਦੀ ਥਾਰ ਗੱਡੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਅਤੇ ਗੱਡੀ ਦੀ ਤਲਾਸ਼ੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਰਜਿਸਟਰੀਆਂ ਵੀ ਬਰਾਮਦ ਹੋਈਆਂ ਹਨ। ਮਖੀਜਾ ਕੋਲੋਂ 4 ਮੋਬਾਇਲ ਫੋਨ ਅਤੇ 15-20 ਸਿਮ ਕਾਰਡ ਬਰਾਮਦ ਹੋਏ ਹਨ।
ਵਿਜੀਲੈਂਸ ਵੱਲੋਂ ਮਖੀਜਾ ਦੇ ਘਰੋਂ 29 ਲੱਖ ਰੁਪਏ ਕੈਸ਼ ਜ਼ਬਤ ਕੀਤਾ ਗਿਆ ਹੈ, ਜੋਕਿ ਛੱਤ ’ਤੇ ਰੱਖੀ ਪਾਣੀ ਵਾਲੀ ਟੈਂਕੀ ਵਿਚ ਲੁਕਾਏ ਹੋਏ ਸਨ। ਵਿਜੀਲੈਂਸ ਵੱਲੋਂ ਸਵੇਰੇ ਮਹੇਸ਼ ਮਖੀਜਾ ਨੂੰ ਉਸ ਦੇ ਘਰ ਲਿਜਾ ਕੇ ਪਹਿਲਾਂ ਕੈਸ਼ ਰਿਕਵਰ ਕੀਤਾ, ਜੋਕਿ ਵਿਧਾਇਕ ਰਮਨ ਅਰੋੜਾ ਦੇ ਘਰ ਰੇਡ ਪੈਣ ਤੋਂ ਬਾਅਦ ਕਾਹਲੀ-ਕਾਹਲੀ ਵਿਚ ਉਸ ਵੱਲੋਂ ਲੁਕਾਇਆ ਗਿਆ ਸੀ। ਵਿਜੀਲੈਂਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਫ਼ੀ ਵੱਡੀ ਗਿਣਤੀ ਵਿਚ ਕੈਸ਼ ਇਧਰ-ਉਧਰ ਲੁਕਾਇਆ ਗਿਆ ਹੋ ਸਕਦਾ ਹੈ। ਇਸ ਲਈ ਵਿਜੀਲੈਂਸ ਮਖੀਜਾ ਨੂੰ ਨਾਲ ਲਿਜਾ ਕੇ ਹੋਰ ਟਿਕਾਣਿਆਂ ’ਤੇ ਲੈ ਕੇ ਛਾਪੇਮਾਰੀ ਕਰ ਰਹੀ ਹੈ।