ਹਰਿਆਣਾ ਸਰਕਾਰ ਨੇ ਐਤਵਾਰ ਨੂੰ ਨੂਹ ਜ਼ਿਲ੍ਹੇ ਵਿੱਚ ਮੋਬਾਈਲ ਇੰਟਰਨੈਟ ਅਤੇ ਬਲਕ ਐਸਐਮਐਸ ਸੇਵਾਵਾਂ ਨੂੰ 24 ਘੰਟਿਆਂ ਲਈ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਦਰਅਸਲ, ਇਹ ਹੁਕਮ ਪਿਛਲੇ ਸਾਲ ਹਿੰਸਾ ਨਾਲ ਪ੍ਰਭਾਵਿਤ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ। ਮੋਬਾਈਲ ਇੰਟਰਨੈਟ ਅਤੇ ਬਲਕ ਐਸਐਮਐਸ ਸੇਵਾਵਾਂ ਐਤਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸ਼ਾਮ 6 ਵਜੇ ਤੱਕ ਮੁਅੱਤਲ ਰਹਿਣਗੀਆਂ।
ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਅਨੁਰਾਗ ਰਸਤੋਗੀ ਨੇ ਇੱਕ ਹੁਕਮ ਵਿੱਚ ਕਿਹਾ ਕਿ ਜ਼ਿਲ੍ਹਾ ਨੂਹ ਵਿੱਚ ਤਣਾਅ, ਅੰਦੋਲਨ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸੰਭਾਵਨਾ ਹੈ। ਮੁਅੱਤਲੀ ਦਾ ਹੁਕਮ ਸੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਵਟਸਐਪ, ਫੇਸਬੁੱਕ, ਟਵਿੱਟਰ ਆਦਿ ਰਾਹੀਂ “ਗਲਤ ਜਾਣਕਾਰੀ ਅਤੇ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ” ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਨੂਹ ਦੇ ਐਸਪੀ ਵਿਜੇ ਪ੍ਰਤਾਪ ਨੇ ਕਿਹਾ ਕਿ ਪਹਿਲਾਂ ਵੀ ਦੇਖਿਆ ਗਿਆ ਹੈ ਕਿ ਅਜਿਹੇ ਸਮਾਗਮਾਂ ਦੌਰਾਨ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ। ਇਸ ਲਈ, ਅਸੀਂ (ਸੇਵਾ ਪ੍ਰਦਾਤਾਵਾਂ) ਨੂੰ ਅੱਜ ਸ਼ਾਮ 6 ਵਜੇ ਤੋਂ ਕੱਲ੍ਹ ਸ਼ਾਮ 6 ਵਜੇ ਤੱਕ ਜ਼ਿਲ੍ਹੇ ਵਿੱਚ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰਨ ਦੀ ਬੇਨਤੀ ਕੀਤੀ ਹੈ। ਇਸ ਦਾ ਇੱਕੋ ਇੱਕ ਮਕਸਦ ਅਫਵਾਹਾਂ ਅਤੇ ਝੂਠੇ ਪ੍ਰਚਾਰ ਨੂੰ ਰੋਕਣਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਨੂਹ ਵਿੱਚ ਬ੍ਰਜ ਮੰਡਲ ਜਲਾਭਿਸ਼ੇਕ ਯਾਤਰਾ ਦੌਰਾਨ ਹੋਈ ਫਿਰਕੂ ਝੜਪ ਵਿੱਚ ਦੋ ਹੋਮਗਾਰਡ ਅਤੇ ਇੱਕ ਮਸਜਿਦ ਦੇ ਨਾਇਬ ਇਮਾਮ ਸਮੇਤ ਘੱਟੋ-ਘੱਟ ਪੰਜ ਲੋਕ ਮਾਰੇ ਗਏ ਸਨ ਅਤੇ ਇਹ ਝੜਪ ਗੁਆਂਢੀ ਜ਼ਿਲ੍ਹਿਆਂ ਵਿੱਚ ਵੀ ਫੈਲ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਹਿੰਸਾ ਇਸ ਅਫਵਾਹ ਤੋਂ ਭੜਕੀ ਸੀ ਕਿ ਬਜਰੰਗ ਦਲ ਦੇ ਮੈਂਬਰ ਅਤੇ ਗਊ ਰੱਖਿਅਕ ਮੋਨੂੰ ਮਾਨੇਸਰ, ਜਿਸ ‘ਤੇ ਦੋ ਮੁਸਲਿਮ ਵਿਅਕਤੀਆਂ ਦੇ ਕਤਲ ਦਾ ਮਾਮਲਾ ਦਰਜ਼ ਹੈ, ਉਹ ਵੀ ਜਲੂਸ ਦਾ ਹਿੱਸਾ ਹੋਵੇਗਾ।
ਇਸ ਦੌਰਾਨ ਨੂਹ ਪੁਲਿਸ ਨੇ ਦੱਸਿਆ ਕਿ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਯਾਤਰਾ ਦੇ ਪੂਰੇ ਰੂਟ ‘ਤੇ ਸੀਸੀਟੀਵੀ ਕੈਮਰਿਆਂ ਅਤੇ ਡਰੋਨਾਂ ਨਾਲ ਨਜ਼ਰ ਰੱਖੀ ਜਾਵੇਗੀ। 21 ਜੁਲਾਈ ਸ਼ਾਮ ਤੋਂ 22 ਜੁਲਾਈ ਤੱਕ 10 ਅੰਤਰ-ਰਾਜੀ ਅਤੇ ਅੰਤਰ-ਜ਼ਿਲ੍ਹਾ ਨਾਕੇ ਲਗਾਏ ਜਾਣਗੇ। ਇਸ ਦੇ ਨਾਲ ਹੀ, ਸਮਾਜਿਕ ਸਦਭਾਵਨਾ ਨੂੰ ਭੰਗ ਕਰਨ ਵਾਲੀ ਕਿਸੇ ਵੀ ਗੁੰਮਰਾਹਕੁੰਨ ਜਾਣਕਾਰੀ ਲਈ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣ ਲਈ ਇੱਕ ਵਿਸ਼ੇਸ਼ ਟੀਮ ਨਿਯੁਕਤ ਕੀਤੀ ਗਈ ਹੈ।
ਇਸ ਤੋਂ ਇਲਾਵਾ ਯਾਤਰਾ ਰੂਟ ‘ਤੇ ਮੀਟ, ਮੱਛੀ ਅਤੇ ਪੋਲਟਰੀ ਦੀਆਂ ਦੁਕਾਨਾਂ 22 ਜੁਲਾਈ ਨੂੰ ਬੰਦ ਰਹਿਣਗੀਆਂ। ਮੀਟ ਵਿਕਰੇਤਾਵਾਂ ਨੂੰ ਜਾਂ ਤਾਂ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਕਿਹਾ ਗਿਆ ਹੈ ਜਾਂ ਜਲੂਸ ਦੇ ਰਸਤੇ ਤੋਂ ਦੂਰ ਬਦਲਵੇਂ ਸਥਾਨਾਂ ‘ਤੇ ਜਾਣ ਲਈ ਕਿਹਾ ਗਿਆ ਹੈ।