ਨਵੀਂ ਦਿੱਲੀ : ਅਫ਼ਗਾਨਿਸਤਾਨ ਵਿਚ ਭੂਚਾਲ ਨੇ ਭਾਰੀ ਤਬਾਹੀ ਮਚਾਉਂਦਿਆਂ ਜਿੱਥੇ ਕਈ ਲੋਕਾਂ ਦੀ ਜਾਨ ਲੈ ਲਈ, ਉੱਥੇ ਹੀ ਬਹੁ-ਗਿਣਤੀ ਪਰਿਵਾਰਾਂ ਦੇ ਘਰ ਢਹਿ-ਢੇਰੀ ਕਰ ਕੇ ਵੱਡੀ ਤਬਾਹੀ ਮਚਾਈ। ਇਨ੍ਹਾਂ ਹਾਲਾਤਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਅਫ਼ਗਾਨਿਸਤਾਨ ਦੇ ਪੀੜਤਾਂ ਵੱਲ ਮਦਦ ਦਾ ਹੱਥ ਵਧਾਇਆ ਹੈ। ਭਾਰਤ ਵੱਲੋਂ ਅਫ਼ਗਾਨਿਸਤਾਨ ਦੇ ਭੂਚਾਲ ਪ੍ਰਭਾਵਿਤ ਲੋਕਾਂ ਦੀ ਰਾਹਤ ਸਮੱਗਰੀ ਭੇਜੀ ਗਈ ਹੈ।
ਭਾਰਤ ਵੱਲੋਂ ਅਫ਼ਗਾਨਿਸਤਾਨ ਭੇਜੀ ਗਈ ਇਹ ਰਾਹਤ ਸਮੱਗਰੀ ਮੰਗਲਵਾਰ ਨੂੰ ਕਾਬੁਲ ਪਹੁੰਚੀ। ਹਵਾਈ ਰਸਤੇ ਭੇਜੀ ਗਈ ਰਾਹਤ ਸਮੱਗਰੀ ਵਿਚ ਕੰਬਲ, ਟੈਂਟ, ਸਫਾਈ ਕਿੱਟਾਂ, ਪਾਣੀ ਸਟੋਰੇਜ ਟੈਂਕ, ਜਨਰੇਟਰ, ਖਾਣਾ ਪਕਾਉਣ ਦੇ ਭਾਂਡੇ, ਪੋਰਟੇਬਲ ਵਾਟਰ ਪਿਊਰੀਫਾਇਰ, ਸਲੀਪਿੰਗ ਬੈਗ, ਜ਼ਰੂਰੀ ਦਵਾਈਆਂ, ਵ੍ਹੀਲਚੇਅਰ, ਹੈਂਡ ਸੈਨੀਟਾਈਜ਼ਰ, ਪਾਣੀ ਸ਼ੁੱਧੀਕਰਨ ਗੋਲੀਆਂ, ਓਆਰਐਸ ਘੋਲ ਅਤੇ ਡਾਕਟਰੀ ਵਰਤੋਂਯੋਗ ਸਾਮਾਨ ਸ਼ਾਮਲ ਹਨ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਭਾਰਤ ਜ਼ਮੀਨੀ ਸਥਿਤੀ ‘ਤੇ ਨਜ਼ਰ ਰੱਖੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਮਨੁੱਖੀ ਸਹਾਇਤਾ ਭੇਜੇਗਾ। ਭਾਰਤ ਨੇ ਅਫਗਾਨਿਸਤਾਨ ਵਿਚ ਭੂਚਾਲ ਕਾਰਨ ਹੋਈ ਭਾਰੀ ਤਬਾਹੀ ਤੋਂ ਬਾਅਦ ਮਦਦ ਦਾ ਹੱਥ ਵਧਾਇਆ ਅਤੇ ਤੁਰੰਤ ਸਹਾਇਤਾ ਵਜੋਂ ਇਕ ਹਜ਼ਾਰ ਟੈਂਟ ਅਤੇ 15 ਟਨ ਭੋਜਨ ਸਮੱਗਰੀ ਭੇਜੀ।