ਲੋਕ ਸਭਾ ਚੋਣਾਂ ਦੇ ਚੱਲਦੇ ਜਿੱਥੇ ਸਿਆਸਤ ’ਚ ਵਾਰ ਪਲਟਵਾਰ ਜਾਰੀ ਹੈ ਤਾਂ ਉੱਥੇ ਹੀ ਚੋਣ ਪ੍ਰਚਾਰ ਦੌਰਾਨ ਵੱਡੇ-ਵੱਡੇ ਦਾਅਵੇ ਵੀ ਕੀਤੇ ਜਾ ਰਹੇ ਹਨ। ਇਸ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਪਹੁੰਚੇ। ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਅਨੁਰਾਗ ਠਾਕੁਰ ਦੇ ਹੱਕ ’ਚ ਪ੍ਰਚਾਰ ਕੀਤਾ। ਇੱਥੇ ਸੰਬੋਧਨ ਕਰਦੇ ਹੋਏ ਸ਼ਾਹ ਨੇ ਇੱਕ ਵਾਰ ਫਿਰ ਵੱਡਾ ਦਾਅਵਾ ਕਰਦੇ ਹੋਏ ਆਪਣੀ ਪਾਰਟੀ ਦੀ ਜਿੱਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਦੇ 5 ਪੜਾਵਾਂ ‘ਚ ਮੋਦੀ ਜੀ 310 ਸੀਟਾਂ ਪਾਰ ਗਏ ਹਨ ਪਰ ਰਾਹੁਲ ਗਾਂਧੀ 40 ਸੀਟਾਂ ਤੱਕ ਸਿਮਟ ਕੇ ਹੀ ਰਹਿ ਗਏ ਹਨ। ਹੁਣ 6ਵੇਂ ਅਤੇ 7ਵੇਂ ਪੜਾਅ ਵਿਚ ਮੋਦੀ ਜੀ ਨੂੰ 400 ਪਾਰ ਕਰਵਾ ਕੇ ਫਿਰ ਤੋਂ ਪ੍ਰਧਾਨ ਮੰਤਰੀ ਬਣਾਉਣਾ ਹੈ।
ਰਾਮ ਮੰਦਰ ਦੇ ਉਦਘਾਟਨ ਤੋਂ ਲੈ ਕੇ ਹੁਣ ਤੱਕ ਭਾਜਪਾ ਵੱਲੋਂ ਰਾਮ ਮੰਦਰ ਦੇ ਨਾਂ ਤੇ ਸਿਆਸਤ ਕੀਤੀ ਜਾ ਰਹੀ ਹੈ। ਇਸ ਵਿਚਾਲੇ ਇੱਕ ਵਾਰ ਫਿਰ ਚੋਣਾਂ ’ਚ ਧਰਮ ਦੇ ਨਾਂ ਤੇ ਰਾਜਨੀਤੀ ਕਰਦੇ ਹੋਏ ਸ਼ਾਹ ਨੇ ਵਿਰੋਧੀ ਧਿਰ ਕਾਂਗਰਸ ਪਾਰਟੀ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸ਼ਿਮਲਾ ਵਿਚ ਰਾਹੁਲ ਬਾਬਾ ਅਤੇ ਉਨ੍ਹਾਂ ਦੀ ਭੈਣ ਛੁੱਟੀਆਂ ਮਨਾਉਣ ਲਈ ਤਾਂ ਆਉਂਦੇ ਹਨ ਪਰ ਉਹ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿਚ ਨਹੀਂ ਗਏ। ਇਸ ਦੇ ਨਾਲ ਹੀ ਸ਼ਾਹ ਨੇ ਦਾਅਵਾ ਕੀਤਾ ਕਿ ਇੰਡੀਆ ਗਠਜੋੜ ਵਾਲਿਆਂ ਕੋਲ ਪ੍ਰਧਾਨ ਮੰਤਰੀ ਅਹੁਦੇ ਦਾ ਕੋਈ ਵੀ ਉਮੀਦਵਾਰ ਨਹੀਂ ਹੈ।