ਭੋਪਾਲ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੋਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਸਰੰਡਰ’ ਕਰ ਦਿੱਤਾ। ਉਨ੍ਹਾਂ ਕਿਹਾ ਕਿ 1971 ਦੇ ਯੁੱਧ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਹੀਂ ਝੁਕੀ ਜਦਕਿ ਅਮਰੀਕਾ ਨੇ ਆਪਣਾ 7ਵਾਂ ਬੇੜਾ ਭੇਜਿਆ ਸੀ। ਉਨ੍ਹਾਂ ਇਥੇ ਕਾਂਗਰਸ ਨੇਤਾਵਾਂ ਅਤੇ ਵਰਕਰਾਂ ਦੀ ਮੌਜੂਦਗੀ ਵਿਚ ਪਾਰਟੀ ਦੀ ਸੰਗਠਨ ਸਿਰਜਨ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਟਰੰਪ ਦਾ ਇਕ ਫੋਨ ਆਇਆ ਅਤੇ ਨਰਿੰਦਰ ਮੋਦੀ ਜੀ ਨੇ ਤੁਰੰਤ ਆਤਮਸਮਰਪਣ ਕਰ ਦਿੱਤਾ-ਇਤਿਹਾਸ ਗਵਾਹ ਹੈ। ਇਹੀ ਭਾਜਪਾ-ਸੰਘ ਦਾ ਚਰਿੱਤਰ ਹੈ, ਇਹ ਹਮੇਸ਼ਾ ਝੁਕਦੇ ਹਨ। ਗਾਂਧੀ ਨੇ ਕਿਹਾ ਕਿ ਭਾਰਤ ਨੇ 1971 ਵਿਚ ਅਮਰੀਕਾ ਦੀ ਧਮਕੀ ਦੇ ਬਾਵਜੂਦ ਪਾਕਿਸਤਾਨ ਨੂੰ ਤੋੜਿਆ ਸੀ।