ਮੋਗਾ (ਆਜ਼ਾਦ)- ਬੀਤੀ ਰਾਤ ਥਾਣਾ ਮਹਿਣਾ ਅਧੀਨ ਪੈਂਦੇ ਪਿੰਡ ਡਾਲਾ ਕੋਲ ਅਚਾਨਕ ਲਾਵਾਰਿਸ ਪਸ਼ੂ ਸੜਕ ਦੇ ਵਿਚਕਾਰ ਆ ਜਾਣ ਨਾਲ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਇਕ ਦੋਸਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਦੇ ਸਹਾਇਕ ਥਾਣੇਦਾਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਵਰਿੰਦਰ ਸਿੰਘ, ਸੁਖਵਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਸਾਰੇ ਨਿਵਾਸੀ ਪਿੰਡ ਸਹਿਣਾ ਆਪਣੀ ਗੱਡੀ ’ਤੇ ਮੋਗਾ ਤੋਂ ਵਾਪਸ ਬੀਤੀ ਦੇਰ ਸ਼ਾਮ ਜਾਂ ਰਹੇ ਸਨ ਤਾਂ ਪਿੰਡ ਡਾਲਾ ਕੋਲ ਅਚਾਨਕ ਲਾਵਾਰਿਸ ਪਸ਼ੂਆਂ ਦੀ ਲਪੇਟ ਵਿਚ ਆ ਗਏ।ਇਸ ਹਾਦਸੇ ਵਿਚ ਵਰਿੰਦਰ ਸਿੰਘ (26) ਅਤੇ ਸੁਖਵਿੰਦਰ ਸਿੰਘ (26) ਦੀ ਮੌਤ ਹੋ ਗਈ। ਜਦਕਿ ਭੁਪਿੰਦਰ ਸਿੰਘ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਮ੍ਰਿਤਕ ਵਰਿੰਦਰ ਸਿੰਘ ਦੇ ਭਰਾ ਰਮਨਦੀਪ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਨ ਦੇ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ।