ਮੋਗਾ ਪੁਲਿਸ ਨੇ ਸ਼ਰਾਰਤੀ ਅੰਸਰਾਂ ਨੇ ਕਾਰਵਾਈ ਕਰਦੇ ਹੋਏ ਗੁਪਤ ਸੂਚਨਾ ਦੇ ਅਧਾਰ ‘ਤੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਨਾਲ ਹੀ ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਕੋਲੋਂ 6 ਪਿਸਤੌਲਾਂ, 7 ਮੈਗਜ਼ੀਨਾਂ, 41 ਕਾਰਤੂਸ ਅਤੇ ਇੱਕ ਮਾਰੂਤੀ ਕਾਰ ਨੂੰ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਇਹ ਗ੍ਰਿਫ਼ਤਾਰੀ ਮੋਗਾ ਦੇ ਪਿੰਡ ਖੁਖਰਾਣਾ ਦਾਣਾ ਮੰਡੀ ਤੋਂ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 2 ਮੋਗਾ ਜ਼ਿਲ੍ਹੇ ਦੇ ਵਸਨੀਕ ਹਨ ਅਤੇ 2 ਫ਼ਿਰੋਜ਼ਪੁਰ ਜ਼ਿਲ੍ਹੇ ਦੇ ਵਸਨੀਕ ਹਨ। ਫਿਲਹਾਲ ਚਾਰਾਂ ਮੁਲਜ਼ਮਾਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਮੋਗਾ ਦੇ SSP ਅੰਕੁਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਇੱਕ ਮਾਰੂਤੀ ਕਾਰ ਵਿੱਚ ਸਵਾਰ 4 ਵਿਅਕਤੀ ਮੋਗਾ ਦੇ ਪਿੰਡ ਖੁਖਰਾਣਾ ਦਾਣਾ ਮੰਡੀ ਵਿੱਚ ਕੋਈ ਵਾਰਦਾਤ ਕਰਨ ਦੀ ਤਾਕ ਵਿੱਚ ਹਨ। ਉਨ੍ਹਾਂ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਹਨ। ਇਸ ਤੋਂ ਬਾਅਦ ਮੋਗਾ CIA ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਮਾਰੂਤੀ ਕਾਰ ’ਚ ਸਵਾਰ ਚਾਰ ਵਿਅਕਤੀਆਂ ਨੂੰ ਕਾਬੂ ਕਰ ਲਿਆ।
ਮੁਲਜ਼ਮਾਂ ਦੀ ਪਹਿਚਾਣ ਸੁੱਚਾ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਮੋਗਾ, ਜਸਪਾਲ ਸਿੰਘ ਵਾਸੀ ਫ਼ਿਰੋਜ਼ਪੁਰ, ਸਚਿਨ ਉਰਫ਼ ਭੱਟੀ ਵਾਸੀ ਕੁੰਡੇ ਜ਼ਿਲ੍ਹਾ ਫ਼ਿਰੋਜ਼ਪੁਰ, ਗੌਤਮ ਕੁਮਾਰ ਵਾਸੀ ਸੁੰਦਰ ਨਗਰ ਕੋਟ ਈਸੇ ਖਾਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਹ ਚਾਰੇ ਫ਼ਿਰੋਜ਼ਪੁਰ ਜੇਲ੍ਹ ਵਿੱਚ ਇਕੱਠੇ ਹੋਏ ਸਨ ਅਤੇ ਫ਼ਿਰੋਜ਼ਪੁਰ ਦੇ ਸਾਗਰ ਗੈਂਗ ਨਾਲ ਦੁਸ਼ਮਣੀ ਰੱਖਦੇ ਸਨ। ਫੜੇ ਗਏ ਮੁਲਜ਼ਮ ਸੁੱਚਾ ਸਿੰਘ ਖ਼ਿਲਾਫ਼ 7 ਕੇਸ, ਜਸਪਾਲ ਖ਼ਿਲਾਫ਼ 5, ਸਚਿਨ ਖ਼ਿਲਾਫ਼ 3 ਕੇਸ ਦਰਜ ਹਨ। ਮੁਲਜ਼ਮਾਂ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਤਾਂ ਜੋ ਹੋਰ ਵੀ ਖੁਲਾਸੇ ਕੀਤੇ ਜਾ ਸਕਣ।