ਬਲੀਆ- ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੇ ਬਲੀਆ ਰੇਲਵੇ ਸਟੇਸ਼ਨ ਤੋਂ 825 ਗੈਰ-ਕਾਨੂੰਨੀ ਕਾਰਤੂਸ ਅਤੇ ਦੇਸੀ ਪਿਸਤੌਲਾਂ ਬਰਾਮਦ ਕੀਤੀਆਂ ਹਨ ਅਤੇ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜੀ.ਆਰ.ਪੀ. ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਜੀ.ਆਰ.ਪੀ. ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (DSP) ਸਵਿਰਤਨ ਗੌਤਮ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਨੀਵਾਰ ਨੂੰ ਬਲੀਆ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2/3 ਤੋਂ ਜੌਨਪੁਰ ਜ਼ਿਲ੍ਹਾ ਵਾਸੀ ਰਣਜੀਤ ਕੁਮਾਰ ਅਤੇ ਰਾਸ਼ਿਦ ਉਰਫ਼ ਲੱਲਨ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 425 ਨਾਜਾਇਜ਼ ਕਾਰਤੂਸ (315 ਬੋਰ), 400 ਨਾਜਾਇਜ਼ ਕਾਰਤੂਸ (32 ਬੋਰ) ਅਤੇ ਦੋ ਨਾਜਾਇਜ਼ ਦੇਸੀ ਪਿਸਤੌਲਾਂ (315 ਬੋਰ) ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸਰਕਾਰੀ ਰੇਲਵੇ ਪੁਲਸ ਦੇ ਬਲੀਆ ਥਾਣੇ ਵਿਚ ਅਸਲਾ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। DSP ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਹਥਿਆਰ ਅਤੇ ਕਾਰਤੂਸ ਜੌਨਪੁਰ ਤੋਂ ਰੇਲਗੱਡੀ ਰਾਹੀਂ ਬਿਹਾਰ ਦੇ ਛਪਰਾ ਲਿਜਾ ਕੇ ਉਥੋਂ ਸਪਲਾਈ ਕਰਦੇ ਸਨ।