ਪਟਿਆਲਾ/ਜਲੰਧਰ -ਜਲੰਧਰ ਪੁਲਸ ਵੱਲੋਂ ਡਰੱਗ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਹਰਪ੍ਰੀਤ ਸਿੰਘ ਉਰਫ ਹੈਪੀ, ਜੋ ਕਿ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ, ਨੂੰ ਜ਼ਮਾਨਤ ਮਿਲਣ ਤੋਂ ਬਾਅਦ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
ਹਰਪ੍ਰੀਤ ਸਿੰਘ ਨੂੰ ਜਲੰਧਰ ਪੁਲਸ ਨੇ ਗ੍ਰਿਫ਼ਤਾਰ ਕਰ ਕੇ 4 ਗ੍ਰਾਮ ਆਈਸ ਡਰੱਗ ਬਰਾਮਦ ਕਰਨ ਦਾ ਦਾਅਵਾ ਕਰ ਕੇ ਉਸ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਸੀ। ਉਹ ਨਿਆਇਕ ਹਿਰਾਸਤ ਵਿਚ ਕੇਂਦਰੀ ਜੇਲ੍ਹ ਪਟਿਆਲਾ ’ਚ ਬੰਦ ਸੀ। ਹਰਪ੍ਰੀਤ ਸਿੰਘ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਬਾਅਦ ਦੁਪਹਿਰ ਕੇਂਦਰੀ ਜੇਲ੍ਹ ਪਟਿਆਲਾ ਤੋਂ ਰਿਹਾਅ ਕਰ ਦਿੱਤਾ ਗਿਆ।
ਹਰਪ੍ਰੀਤ ਸਿੰਘ ਹੈਪੀ ਦੇ ਮਾਮਲੇ ਵਿਚ ਮੁੱਖਬਰ ਸੰਦੀਪ ਸ਼ਰਮਾ ਨਿਵਾਸੀ ਵੀਨਸ ਵੈਲੀ ਅਕਸਟੈਂਸ਼ਨ ਵੱਲੋਂ ਐਡੀਸ਼ਨਲ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਵਿਚ ਆਪਣੇ ਵਕੀਲ ਦੇ ਰਾਹੀਂ ਅਗਾਉਂ ਜ਼ਮਾਨਤ ਦੀ ਅਰਜ਼ੀ ਲਾਈ ਗਈ ਹੈ, ਜਿਸ ’ਤੇ ਸੁਣਵਾਈ 30 ਜੁਲਾਈ ਨੂੰ ਹੋਵੇਗੀ। ਇਸ ਮਾਮਲੇ ਵਿਚ ਪੁਲਸ ਸੰਦੀਪ ਸ਼ਰਮਾ ਨੂੰ ਅਜੇ ਫੜ ਨਹੀਂ ਸਕੀ ਹੈ।