ਨੈਸ਼ਨਲ: ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ਖਾਲੀ ਕਰ ਦੇਣਗੇ। ਇਸ ਮਗਰੋਂ ਉਹ ਪਰਿਵਾਰ ਸਮੇਤ ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਅਧਿਕਾਰਤ ਆਵਾਸ ਵਿਚ ਸ਼ਿਫਟ ਹੋ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨੀਂ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਸੀ।
ਅਰਵਿੰਦ ਕੇਜਰੀਵਾਲ ਨੇ ਜ਼ਮਾਨਤ ਮਿਲਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਮਗਰੋਂ ਆਤਿਸ਼ੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਕੇਜਰੀਵਾਲ ਨੇ ਮੁੱਖ ਮੰਤਰੀ ਰਿਹਾਇਸ਼ ਖ਼ਾਲੀ ਕਰਨ ਦਾ ਵੀ ਐਲਾਨ ਕਰ ਦਿੱਤਾ ਸੀ। ਹੁਣ ਕੇਜਰੀਵਾਲ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਅਧਿਕਾਰਤ ਆਵਾਸ ‘ਚ ਰਹਿਣਗੇ, ਜੋ ਮੰਡੀ ਹਾਊਸ ਕੋਲ ਫਿਰੋਜ਼ਸ਼ਾਹ ਰੋਡ ‘ਤੇ ਸਥਿਤ ਹੈ। ਇਹ ਆਵਾਸ ਰਵੀਸ਼ੰਕਰ ਸ਼ੁਕਲਾ ਲੇਨ ਸਥਿਤ ‘ਆਪ’ ਹੈੱਡਕੁਆਰਟਰ ਨੇੜੇ ਹੈ। ਸੂਤਰਾਂ ਮੁਤਾਬਕ ਮਿੱਤਲ ਨੇ ਖੁਦ ਅਰਵਿੰਦ ਕੇਜਰੀਵਾਲ ਨੂੰ ਆਪਣੀ ਰਿਹਾਇਸ਼ ‘ਤੇ ਸ਼ਿਫਟ ਹੋਣ ਦੀ ਪੇਸ਼ਕਸ਼ ਕੀਤੀ ਸੀ।ਇਸ ਤੋਂ ਪਹਿਲਾਂ ਪਾਰਟੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਜਿਹੀ ਜਾਇਦਾਦ ਦੀ ਤਲਾਸ਼ ਕਰ ਰਹੇ ਹਨ ਜੋ ਵਿਵਾਦ ਮੁਕਤ ਹੋਵੇ ਅਤੇ ਉੱਥੇ ਰਹਿਣ ਵਿਚ ਕੋਈ ਸਮੱਸਿਆ ਨਾ ਹੋਵੇ।