ਬੀਜਾਪੁਰ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ‘ਚ 3 ਜਨਵਰੀ ਨੂੰ ਟੀਵੀ ਪੱਤਰਕਾਰ ਮੁਕੇਸ਼ ਚੰਦਰਾਕਰ ਦੀ ਲਾਸ਼ ਠੇਕੇਦਾਰ ਸੁਰੇਸ਼ ਚੰਦਰਾਕਰ ਦੀ ਪ੍ਰਾਪਰਟੀ ‘ਤੇ ਸਥਿਤ ਸੈਪਟਿਕ ਟੈਂਕ ‘ਚੋਂ ਬਰਾਮਦ ਹੋਈ ਸੀ। ਮੁਕੇਸ਼ 1 ਜਨਵਰੀ ਤੋਂ ਲਾਪਤਾ ਸੀ। ਉਸ ਦੀ ਭਾਲ ਕਰਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਸ ਨੇ ਮੁਕੇਸ਼ ਦੀ ਭਾਲ ਲਈ ਸੁਰੇਸ਼ ਚੰਦਰਾਕਰ ਦੇ ਘਰ ਛਾਪਾ ਮਾਰਿਆ। ਜਾਂਚ ਦੌਰਾਨ ਉਥੇ ਪਾਣੀ ਦੀ ਟੈਂਕੀ ਵਿੱਚੋਂ ਇੱਕ ਲਾਸ਼ ਬਰਾਮਦ ਹੋਈ। ਲਾਸ਼ ਦੀ ਹਾਲਤ ਕਾਫੀ ਖਰਾਬ ਸੀ ਪਰ ਕੱਪੜਿਆਂ ਤੋਂ ਉਸ ਦੀ ਪਛਾਣ ਪੱਤਰਕਾਰ ਮੁਕੇਸ਼ ਚੰਦਰਾਕਰ ਵਜੋਂ ਹੋਈ ਹੈ।
ਦਰਅਸਲ 1 ਜਨਵਰੀ ਨੂੰ ਸੁਰੇਸ਼ ਚੰਦਰਾਕਰ ਦੇ ਭਰਾ ਰਿਤੇਸ਼ ਨੇ ਮੁਕੇਸ਼ ਨੂੰ ਇਕ ਪ੍ਰਾਪਰਟੀ ਲਈ ਬੁਲਾਇਆ ਸੀ। ਇਸ ਤੋਂ ਬਾਅਦ ਮੁਕੇਸ਼ ਦਾ ਫੋਨ ਬੰਦ ਹੋ ਗਿਆ। ਬੀਜਾਪੁਰ ਪੁਲਸ ਨੇ ਮੁਕੇਸ਼ ਦੀ ਲਾਸ਼ ਸੁਰੇਸ਼ ਚੰਦਰਾਕਰ ਦੀ ਜਾਇਦਾਦ ‘ਤੇ ਸਥਿਤ ਪਾਣੀ ਦੀ ਟੈਂਕੀ ਤੋਂ ਬਰਾਮਦ ਕੀਤੀ ਹੈ। ਬਸਤਰ ਵਿਚ ਠੇਕੇਦਾਰ ਲਾਬੀ ਦਾ ਬਹੁਤ ਪ੍ਰਭਾਵ ਹੈ। ਦੋਸ਼ ਹੈ ਕਿ ਠੇਕੇਦਾਰ ਸਰਕਾਰੀ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਵੱਡੇ ਪ੍ਰਾਜੈਕਟ ਕਰਵਾਉਂਦੇ ਹਨ। ਜੋ ਪੱਤਰਕਾਰ ਇਹਨਾਂ ਗਤੀਵਿਧੀਆਂ ਦਾ ਪਰਦਾਫਾਸ਼ ਕਰਦੇ ਹਨ ਉਹਨਾਂ ਨੂੰ ਧਮਕੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬੀਜਾਪੁਰ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਠੇਕੇਦਾਰ ਸੁਰੇਸ਼ ਚੰਦਰਾਕਰ ਅਤੇ ਉਸ ਦੇ ਭਰਾ ਰਿਤੇਸ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ‘ਚ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੁਲਸ ਮਾਮਲੇ ਦੀ ਤਹਿ ਤੱਕ ਜਾਣ ਲਈ ਸੁਰਾਗ ਜੁਟਾ ਰਹੀ ਹੈ। ਇਸ ਸ਼ੱਕੀ ਮੌਤ ਨੇ ਬਸਤਰ ਵਿਚ ਮੀਡੀਆ ਅਤੇ ਠੇਕੇਦਾਰ ਲਾਬੀ ਦੇ ਤਣਾਅਪੂਰਨ ਸਬੰਧਾਂ ਦਾ ਪਰਦਾਫਾਸ਼ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਪੱਤਰਕਾਰ ਮੁਕੇਸ਼ ਚੰਦਰਾਕਰ ਨੇ ਠੇਕੇਦਾਰ ਸੁਰੇਸ਼ ਚੰਦਰਾਕਰ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ ਸੀ। ਬਸਤਰ ਵਿਚ 120 ਕਰੋੜ ਰੁਪਏ ਦੀ ਸੜਕ ਬਣਾਉਣ ਦਾ ਠੇਕਾ ਠੇਕੇਦਾਰ ਸੁਰੇਸ਼ ਚੰਦਰਾਕਰ ਨੂੰ ਮਿਲਿਆ ਸੀ।