1993 ਦੇ ਮੁੰਬਈ ਲੜੀਵਾਰ ਬੰਬ ਧਮਾਕਿਆਂ ਦੇ ਇੱਕ ਦੋਸ਼ੀ ਦੀ ਕਲੰਬਾ ਸੈਂਟਰਲ ਜੇਲ੍ਹ, ਕੋਲ੍ਹਾਪੁਰ ਵਿੱਚ ਮੌਤ ਹੋ ਗਈ। ਪੁਲਿਸ ਮੁਤਬਾਕ ਐਤਵਾਰ ਨੂੰ ਪੰਜ ਕੈਦੀਆਂ ਨੇ ਉਸ ‘ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਉਸ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਬਾਥਰੂਮ ਵਿੱਚ ਪਹਿਲਾਂ ਨਹਾਉਣ ਨੂੰ ਲੈ ਕੇ ਕੈਦੀਆਂ ਵਿਚਾਲੇ ਝਗੜਾ ਹੋ ਗਿਆ। ਜਿਸ ਤੋਂ ਬਾਅਦ ਹੋਰ ਕੈਦੀਆਂ ਨੇ ਮੁੰਨਾ ਉਰਫ ਮੁਹੰਮਦ ਅਲੀ ਖਾਨ ਉਰਫ ਮਨੋਜ ਕੁਮਾਰ ਭਵਰਲਾਲ ਗੁਪਤਾ ‘ਤੇ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਖ਼ਾਨ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।
ਹਮਲਾਵਰਾਂ ਦੀ ਪਹਿਚਾਣ ਪ੍ਰਤੀਕ ਉਰਫ ਪਿਲਿਆ ਸੁਰੇਸ਼ ਪਾਟਿਲ, ਦੀਪਕ ਨੇਤਾਜੀ ਖੋਟ, ਸੰਦੀਪ ਸ਼ੰਕਰ ਚਵਾਨ, ਰਿਤੁਰਾਜ ਵਿਨਾਇਕ ਇਨਾਮਦਾਰ ਅਤੇ ਸੌਰਭ ਵਿਕਾਸ ਵਜੋਂ ਹੋਈ ਹੈ। ਪੁਲਿਸ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ 12 ਮਾਰਚ 1993 ਨੂੰ ਇਕ ਦਿਨ ‘ਚ ਹੋਏ ਕਈ ਹਮਲਿਆਂ ਦੌਰਾਨ 257 ਲੋਕ ਮਾਰੇ ਗਏ ਤੇ 1,000 ਤੋਂ ਵੱਧ ਲੋਕ ਜ਼ਖਮੀ ਹੋ ਗਏ ਸੀ।