ਟਾਂਡਾ ਉੜਮੁੜ ਹੁਸ਼ਿਆਰਪੁਰ ਜ਼ਿਲ੍ਹਾ ਪੁਲਸ ਨੇ ਟਾਂਡਾ ਦੇ ਪਿੰਡ ਰਾਏਪੁਰ ਨੇੜੇ 7 ਦਸੰਬਰ ਨੂੰ ਹੋਏ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅੱਜ ਸ਼ਾਮ ਜ਼ਿਲ੍ਹਾ ਪੁਲਸ ਮੁਖੀ ਸੁਰਿੰਦਰ ਲਾਂਬਾ ਨੇ ਪੁਲਸ ਲਾਈਨ ਹੁਸ਼ਿਆਰਪੁਰ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ 8 ਦਸੰਬਰ ਨੂੰ ਰਾਏਪੁਰ ਨੇੜੇ ਇਕ ਗੰਨੇ ਦੇ ਖੇਤ ਨੇੜੇ ਅਜੇ ਕੁਮਾਰ ਪੁੱਤਰ ਦਰਸ਼ਨ ਲਾਲ ਦੀ ਲਾਸ਼ ਬਰਾਮਦ ਕੀਤੀ ਸੀ। ਜਿਸ ਦੇ ਸਰੀਰ ’ਤੇ ਜ਼ਖ਼ਮਾਂ ਦੇ ਨਿਸ਼ਾਨ ਸਨ। ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਅਤੇ ਐੱਸ. ਐੱਚ. ਓ. ਟਾਂਡਾ ਵੱਲੋਂ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਸੀ।ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਵੱਖ-ਵੱਖ ਟੀਮਾਂ ਬਣਾ ਕੇ ਇਸ ਕੇਸ ਦੀ ਤਫਤੀਸ਼ ਕੀਤੀ ਗਈ |
ਜਿਸ ਕਾਰਨ ਇਕ ਸ਼ੱਕੀ ਔਰਤ ਜਰੀਨਾ ਖਾਤੂਨ ਪਤਨੀ ਜਸਵਿੰਦਰ ਸਿੰਘ ਵਾਸੀ ਨਾਮਦੇਵ ਕਾਲੋਨੀ ਟਿੱਬਾ ਰੋਡ ਲੁਧਿਆਣਾ ਤੋਂ ਪੁੱਛਗਿੱਛ ਕੀਤੀ |
ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਉਕਤ ਔਰਤ ਨੇ ਮੰਨਿਆ ਕਿ ਉਹ ਮਿਤੀ 7 ਦਸੰਬਰ ਨੂੰ ਆਪਣੇ ਦੋਸਤ ਗੁਲਜਾਰ ਪ੍ਰੀਤ ਸਿੰਘ ਉਰਫ਼ ਪ੍ਰੀਤ ਵਾਸੀ ਰਾਪੁਰ ਨੂੰ ਮਿਲਣ ਵਾਸਤੇ ਟੋਲ ਪਲਾਜ਼ਾ ਚੋਲਾਂਗ ਦੇ ਨਜ਼ਦੀਕ ਪਿੰਡ ਵੱਲ ਨੂੰ ਪੈਦਲ ਜਾ ਰਹੀ ਸੀ ਅਤੇ ਗੁਲਜ਼ਾਰ ਪ੍ਰੀਤ ਸਿੰਘ ਨਾਲ ਫੋਨ ’ਤੇ ਗੱਲ ਕਰ ਰਹੀ ਸੀ, ਜਿਸ ਨੂੰ ਰਾਹ ਵਿਚ ਅਜੇ ਕੁਮਾਰ ਮਿਲਿਆ ਅਤੇ ਉਸ ਨਾਲ ਬਦਤਮੀਜ਼ੀ ਕਰਨ ਲੱਗਾ, ਜੋ ਗੱਲਾਂ ਫੋਨ ’ਤੇ ਗੁਲਜ਼ਾਰ ਪ੍ਰੀਤ ਨੇ ਸੁਣ ਲਈਆਂ ਅਤੇ ਮੌਕੇ ’ਤੇ ਪਹੁੰਚ ਕੇ ਤੈਸ਼ ਵਿਚ ਆ ਕੇ ਅਜੇ ਕੁਮਾਰ ਦੀ ਕੁੱਟਮਾਰ ਕੀਤੀ।
ਇਸ ਦੌਰਾਨ ਸਿਰ ’ਤੇ ਲੱਗੀਆਂ ਸੱਟਾਂ ਕਾਰਨ ਅਜੇ ਕੁਮਾਰ ਦੀ ਮੌਤ ਹੋ ਗਈ। ਪੁਲਸ ਨੇ ਹੁਣ ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।