ਰੋਮ – ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਆ ਕੇ ਜਿੱਥੇ ਹਰੇਕ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਉੱਥੇ ਹੀ ਉਨ੍ਹਾਂ ਦੇ ਬੱਚੇ ਵੀ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰ ਕੇ ਇਟਲੀ ਵਿਚ ਪੰਜਾਬੀਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ ਅਤੇ ਆਪਣੇ ਭਵਿੱਖ ਨੂੰ ਉੱਜਵਲ ਅਤੇ ਸੁਨਿਹਰੀ ਬਣਾ ਰਹੇ ਹਨ। ਇਸੇ ਤਰਾਂ ਦੀ ਉਦਾਹਰਣ ਨਵਦੀਪ ਸਿੰਘ ਜਗਤਪੁਰ ਨੇ ਪੇਸ਼ ਕੀਤੀ ਹੈ। ਨਵਦੀਪ ਸਿੰਘ ਨੇ ਪਾਰਮਾ ਯੂਨੀਵਰਸਿਟੀ ਵਿੱਚ 110 ਵਿੱਚੋਂ 110 ਅੰਕ ਪ੍ਰਾਪਤ ਕਰਕੇ ਕੰਪਿਊਟਰ ਸਾਇੰਸ ਵਿੱਚ ਡਿਗਰੀ ਪ੍ਰਾਪਤ ਕੀਤੀ ਹੈ ਅਤੇ ਯੂਨੀਵਰਸਟੀ ਵੱਲੋਂ ਉਸ ਨੂੰ ਇਹ ਡਿਗਰੀ ਪ੍ਰਾਪਤ ਕਰਨ ‘ਤੇ ਡਾਕਟਰ ਦੀ ਉਪਾਧੀ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ।
ਨਵਦੀਪ ਸਿੰਘ ਪੰਜਾਬ ਦੇ ਜ਼ਿਲ੍ਹੇ ਨਵਾਂਸ਼ਹਿਰ ਦੇ ਪਿੰਡ ਜਗਤਪੁਰ ਨਾਲ ਸਬੰਧਿਤ ਹੈ। ਵਰਨਣਯੋਗ ਹੈ ਕਿ ਨਵਦੀਪ ਸਿੰਘ ਜਗਤਪੁਰ 2003 ਵਿੱਚ ਪਰਿਵਾਰ ਸਮੇਤ ਇਟਲੀ ਵਿੱਚ ਆਇਆ ਸੀ। ਉਦੋਂ ਉਹ ਸਿਰਫ 2 ਕੁ ਸਾਲ ਦਾ ਸੀ। ਇੱਥੇ ਹੀ ਉਸਨੇ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਵਿੱਚ ਵਿੱਦਿਆ ਪ੍ਰਾਪਤ ਕੀਤੀ। ਉੱਚ -ਵਿੱਦਿਆ ਪ੍ਰਾਪਤ ਕਰਨ ਲਈ ਉਸਨੇ ਪਾਰਮਾ ਯੂਨੀਵਰਸਿਟੀ ਵਿੱਚ ਦਾਖਲਾ ਲਿਆ। 3 ਸਾਲ ਦੇ ਕੋਰਸ ਉਪਰੰਤ ਉਸਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਇਹ ਡਿਗਰੀ ਹਾਸਲ ਕੀਤੀ। ਨਵਦੀਪ ਸਿੰਘ ਜਗਤਪੁਰ ਜਿੱਥੇ ਪੜ੍ਹਾਈ ਵਿੱਚ ਵਿਸ਼ੇਸ਼ ਨਾਮਣਾ ਖੱਟ ਰਿਹਾ ਹੈ, ਉੱਥੇ ਹੀ ਉਸ ਨੇ ਇਟਲੀ ਵਿੱਚ ਵੱਖ-ਵੱਖ ਸਥਾਨਾਂ ‘ਤੇ ਹੋਈਆਂ ਕਰਾਟੇ ਚੈਂਪੀਅਨਸ਼ਿਪਾਂ ਵਿੱਚ ਹਿੱਸਾ ਲੈ ਗੋਲਡ ਮੈਡਲ ਸਮੇਤ ਅਨੇਕਾਂ ਮਾਣ ਸਨਮਾਨ ਪ੍ਰਾਪਤ ਕੀਤੇ ਹਨ।