ਅਹਿਮਦਾਬਾਦ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਵਿਚ ਉਨ੍ਹਾਂ ਵਰਕਰਾਂ ਅਤੇ ਆਗੂਆਂ ਦੀ ਪਛਾਣ ਕਰਨ ਦੀ ਲੋੜ ਹੈ ਜੋ ਭਾਜਪਾ ਲਈ ਕੰਮ ਕਰ ਰਹੇ ਹਨ। ਉਨ੍ਹਾਂ ਅਜਿਹੇ ਵਰਕਰਾਂ ਅਤੇ ਆਗੂਆਂ ਵਿਰੁੱਧ ਸਖਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ। ਆਪਣੇ 2 ਦਿਨਾ ਗੁਜਰਾਤ ਦੌਰੇ ਦੇ ਦੂਜੇ ਦਿਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਕਿਹਾ ਕਿ ਪਾਰਟੀ ਦਾ ਪਹਿਲਾ ਕੰਮ ਕਾਂਗਰਸੀ ਵਰਕਰਾਂ ਅਤੇ ਆਗੂਆਂ ਦੇ ਦੋ ਸਮੂਹਾਂ ਨੂੰ ਵੱਖ ਕਰਨਾ ਹੈ- ਪਹਿਲਾ ਜੋ ਪਾਰਟੀ ਦੀ ਵਿਚਾਰਧਾਰਾ ਨੂੰ ਆਪਣੇ ਦਿਲ ਵਿਚ ਰੱਖਦੇ ਹਨ ਅਤੇ ਲੋਕਾਂ ਨਾਲ ਖੜ੍ਹੇ ਹਨ ਅਤੇ ਦੂਜੇ ਜੋ ਲੋਕਾਂ ਤੋਂ ਦੂਰ ਹਨ,
ਜਿਨ੍ਹਾਂ ਵਿਚੋਂ ਅੱਧੇ ਭਾਜਪਾ ਨਾਲ ਹਨ, ਉਨ੍ਹਾਂ ਨੂੰ ਬਾਹਰ ਕੱਢਣ ਦੀ ਲੋੜ ਹੈ।ਗਾਂਧੀ ਦਾ ਇਹ ਸੂਬਾਈ ਦੌਰਾ 2027 ਦੀਆਂ ਵਿਧਾਨ ਸਭਾ ਚੋਣਾਂ ’ਤੇ ਕੇਂਦ੍ਰਿਤ ਹੈ, ਜਿਸ ਲਈ ਉਨ੍ਹਾਂ ਨੇ ਪਾਰਟੀ ਦੀ ਸੂਬਾ ਇਕਾਈ ਵਿਚ ਵੱਡੇ ਬਦਲਾਅ ਦਾ ਸੰਕੇਤ ਦਿੱਤਾ ਹੈ ਅਤੇ ਭਾਜਪਾ ਨੂੰ ਹਰਾਉਣ ਲਈ ਇਕ ਮਜ਼ਬੂਤ ਰਣਨੀਤੀ ਦਾ ਦਾਅਵਾ ਕੀਤਾ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਡੇ ਜ਼ਿਲੇ, ਬਲਾਕ ਪ੍ਰਧਾਨਾਂ ਅਤੇ ਸੀਨੀਅਰ ਆਗੂਆਂ ਦੇ ਦਿਲਾਂ ਵਿਚ ਪਾਰਟੀ ਲਈ ਜਗ੍ਹਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਕਾਂਗਰਸ ਨੂੰ ਆਪਣੀਆਂ ਰਗਾਂ ਵਿਚ ਰੱਖਣਾ ਚਾਹੀਦਾ ਹੈ। ਚੋਣਾਂ ਜਿੱਤਣ ਅਤੇ ਹਾਰਨ ਦੇ ਮੁੱਦੇ ਨੂੰ ਇਕ ਪਾਸੇ ਰੱਖ ਦਿਓ। ਜਿਵੇਂ ਹੀ ਅਸੀਂ ਅਜਿਹਾ ਕਰਾਂਗੇ, ਗੁਜਰਾਤ ਦੇ ਲੋਕ ਸਾਡੀ ਸੰਸਥਾ ਨਾਲ ਜੁੜਨਾ ਚਾਹੁਣਗੇ ਤੇ ਅਸੀਂ ਉਨ੍ਹਾਂ ਲਈ ਦਰਵਾਜ਼ੇ ਖੋਲ੍ਹ ਦੇਵਾਂਗੇ।