ਚੰਡੀਗੜ੍ਹ : ਪੰਜਾਬ ‘ਚ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ ਹੁਣ ਪੰਜਾਬ ਬਿਜਲੀ ਬੋਰਡ ਦੇ ਬਿੱਲ ਪੰਜਾਬੀ ਭਾਸ਼ਾ ‘ਚ ਮਿਲਣਗੇ। ਹੁਣ ਤੱਕ ਹਰ ਮਹੀਨੇ ਪੰਜਾਬ ਬਿਜਲੀ ਬੋਰਡ ਵਲੋਂ ਜਿਹੜੇ ਮਸ਼ੀਨੀ ਬਿੱਲ ਭੇਜੇ ਜਾਂਦੇ ਹਨ, ਉਹ ਸਾਰੇ ਬਿੱਲ ਅੰਗਰੇਜ਼ੀ ਭਾਸ਼ਾ ‘ਚ ਆਉਂਦੇ ਸਨ, ਜਿਸ ਕਾਰਨ ਆਮ ਲੋਕਾਂ ਨੂੰ ਪੜ੍ਹਨ ‘ਚ ਪਰੇਸ਼ਾਨੀ ਹੁੰਦੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪੁੱਜਿਆ।
ਇਸ ਤੋਂ ਬਾਅਦ ਅਦਾਲਤ ਨੇ ਸੁਣਵਾਈ ਦੌਰਾਨ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਹੈ। ਹੁਣ ਪੰਜਾਬ ਬਿਜਲੀ ਬੋਰਡ ਦੇ ਮੁਲਾਜ਼ਮਾਂ ਵਲੋਂ ਬਿੱਲ ਦੋਵੇਂ ਭਾਸ਼ਾਵਾਂ ‘ਚ ਜਾਰੀ ਕੀਤੇ ਜਾਣਗੇ। ਬਿਜਲੀ ਬੋਰਡ ਦੇ ਬਿੱਲ ਹੁਣ ਪੰਜਾਬੀ ਭਾਸ਼ਾ ‘ਚ ਮਿਲਣਗੇ ਤਾਂ ਜੋ ਆਮ ਲੋਕਾਂ ਨੂੰ ਇਹ ਸਮਝ ਆ ਸਕਣ।
ਇਸ ਤੋਂ ਇਲਾਵਾ ਜੇਕਰ ਕੋਈ ਅੰਗਰੇਜ਼ੀ ‘ਚ ਬਿੱਲ ਭੇਜਣ ਦੀ ਅਪੀਲ ਕਰਦਾ ਹੈ ਤਾਂ ਉਸ ਨੂੰ ਉਸੇ ਭਾਸ਼ਾ ‘ਚ ਬਿੱਲ ਦਿੱਤਾ ਜਾਵੇਗਾ। ਦੱਸ ਦੇਈਏ ਕਿ ਪਟੀਸ਼ਨ ਨੂੰ ਪੰਜਾਬੀ ਸਰਕਾਰੀ ਭਾਸ਼ਾਵਾਂ ਐਕਟ-1967 ਨੂੰ ਲਾਗੂ ਕਰਨ ‘ਚ ਹੋਈ ਲਾਪਰਵਾਹੀ ‘ਤੇ ਕੇਂਦਰਿਤ ਕੀਤਾ ਗਿਆ ਸੀ। ਇਸ ਐਕਟ ਦੇ ਤਹਿਤ ਸੂਬੇ ‘ਚ ਸਾਰੇ ਸਰਕਾਰੀ ਸੰਚਾਰ, ਬਿਜਲੀ ਦੇ ਬਿੱਲਾਂ ਸਣੇ ਪੰਜਾਬੀ ਭਾਸ਼ਾ ‘ਚ ਹੋਣੇ ਜ਼ਰੂਰੀ ਹਨ। ਪਟੀਸ਼ਨ ‘ਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਪੰਜਾਬੀ ਅਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ ‘ਚ ਬਿਜਲੀ ਦੇ ਬਿੱਲ ਜਾਰੀ ਕਰਨ ਦੇ ਨਿਰਦੇਸ਼ ਦੀ ਮੰਗ ਕੀਤੀ ਗਈ ਸੀ।