ਦਰਅਸਲ ਵਿਭਾਗ ਦੇ ਧਿਆਨ ਵਿਚ ਆਇਆ ਹੈ ਕਿ ਪਿਛਲੇ ਸਮੇਂ ਵਿਚ ਹੋਈਆਂ ਆਨਲਾਈਨ ਬਦਲੀਆਂ ਦੇ ਬਾਵਜੂਦ ਕਈ ਅਧਿਆਪਕਾਂ ਨੇ ਅਜੇ ਤੱਕ ਆਪਣੇ ਨਵੇਂ ਸਕੂਲਾਂ ਵਿਚ ਜੁਆਇਨ ਨਹੀਂ ਕੀਤਾ ਹੈ। ਲਿਹਾਜ਼ਾ ਜਿਨ੍ਹਾਂ ਸਕੂਲਾਂ ਵਿਚ ਅਧਿਆਪਕਾਂ ਦੀ ਬਦਲੀ ਹੋਈ ਹੈ, ਉੱਥੇ ਅਸਾਮੀਆਂ ਖਾਲ੍ਹੀ ਪਈਆਂ ਹਨ, ਜਿਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ। ਇਸ ਮਸਲੇ ਨੂੰ ਹੱਲ ਕਰਨ ਲਈ ਵਿਭਾਗ ਨੇ ਸਕੂਲ ਮੁਖੀਆਂ/ਡੀ.ਡੀ.ਓ. ਦੇ ਲਾਗਇਨ ‘ਤੇ ਇਕ ਵਿਸ਼ੇਸ਼ ਲਿੰਕ ਬਣਾਇਆ ਹੈ। ਇਹ ਲਿੰਕ ਮਿਤੀ 10 ਜੂਨ 2025 ਤੋਂ 11 ਜੂਨ 2025 ਤੱਕ ਕਾਰਜਸ਼ੀਲ ਰਹੇਗਾ।
ਇਸ ਲਿੰਕ ‘ਤੇ ਸਿਰਫ਼ ਉਨ੍ਹਾਂ ਅਧਿਆਪਕਾਂ ਦਾ ਡਾਟਾ ਅਪਡੇਟ ਕੀਤਾ ਜਾਣਾ ਹੈ, ਜਿਨ੍ਹਾਂ ਦੀ ਬਦਲੀ 50 ਪ੍ਰਤੀਸ਼ਤ ਸਟਾਫ਼ ਦੀ ਸ਼ਰਤ ਜਾਂ ਕਿਸੇ ਹੋਰ ਵਿਭਾਗੀ ਕਾਰਨ ਕਰਕੇ ਲਾਗੂ ਨਹੀਂ ਹੋ ਸਕੀ ਸੀ। ਇਸ ਪ੍ਰਕਿਰਿਆ ਦਾ ਉਦੇਸ਼ ਪ੍ਰਭਾਵਿਤ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨਾ ਅਤੇ ਪੜ੍ਹਾਈ ਦੇ ਮਾਹੌਲ ਨੂੰ ਸੁਚਾਰੂ ਬਣਾਉਣਾ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਡਾਟਾ ਨੂੰ ਇਕੱਠਾ ਕਰਕੇ ਜਲਦ ਤੋਂ ਜਲਦ ਅਜਿਹੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ।