ਲੁਧਿਆਣਾ : ਪੰਜਾਬ ਦੇ ਸਮੂਹ ਪੁਲਸ ਕਮਿਸ਼ਨਰਾਂ ਤੇ SSPs ਨੂੰ ਟ੍ਰੈਫ਼ਿਕ ਚਾਲਾਨਾਂ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ, ਜਿਸ ਵਿਚ Digilocker ਤੇ mParivahaan ਐਪ ਵਿਚ ਰੱਖੇ ਗਏ ਗੱਡੀ ਦੇ ਕਾਗਜ਼ਾਂ ਨੂੰ ਸਹੀ ਮੰਨਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਅਜਿਹਾ ਨਾ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵਿਭਾਗੀ ਪੜਤਾਲ ਦੀ ਚੇਤਾਵਨੀ ਵੀ ਦਿੱਤੀ ਗਈ ਹੈ।
ਪੁਲਸ ਕਮਿਸ਼ਨਰਾਂ ਤੇ SSPs ਨੂੰ ਜਾਰੀ ਹੁਕਮਾਂ ਵਿਚ ਲਿਖਿਆ ਗਿਆ ਹੈ ਕਿ ਕਈ ਵਾਹਨ ਚਾਲਕ ਟ੍ਰੈਫ਼ਿਕ ਮੁਲਾਜ਼ਮਾਂ ਦੀ ਚੈਕਿੰਗ ਦੌਰਾਨ ਆਪਣੇ 2 ਪਹੀਆ, 4 ਪਹੀਆ ਤੇ ਕਮਰਸ਼ੀਅਲ ਵਾਹਨਾਂ ਦੇ ਦਸਤਾਵੇਜ਼ Digilocker ਤੇ mParivahaan ਐਪ ਰਾਹੀਂ ਪੇਸ਼ ਕਰਦੇ ਹਨ ਤਾਂ ਕਈ ਮੁਲਾਜ਼ਮ ਇਨ੍ਹਾਂ ਦਸਤਾਵੇਜ਼ਾਂ ਨੂੰ ਸਹੀ ਨਹੀਂ ਮੰਨਦੇ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਭਾਰਤ ਤੇ ਪੰਜਾਬ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਇਸ ਲਈ ਸਮੂਹ ਪੁਲਸ ਕਮਿਸ਼ਨਰਾਂ ਤੇ SSPs ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਅਧੀਨ ਤਾਇਨਾਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਹਦਾਇਤਾਂ ਦੇਣ ਕਿ ਜੇਕਰ ਕੋਈ ਵਿਅਕਤੀ ਆਪਣੇ ਦਸਤਾਵੇਜ਼ Digilocker ਤੇ mParivahaan ਐਪ ਵਿਚ ਦਿਖਾਉਂਦਾ ਹੈ ਤਾਂ ਉਸ ਨੂੰ ਸਹੀ ਮੰਨਿਆ ਜਾਵੇ।