ਜਲੰਧਰ –ਸ਼ਨੀਵਾਰ ਦੀ ਰਾਤ ਨੂੰ ਜਲੰਧਰ ਦੇ ਮਾਡਲ ਟਾਊਨ ਵਿਚ ਵਾਪਰੇ ਸੜਕ ਹਾਦਸੇ ਵਿਚ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਦੇ ਬੇਟੇ ਰਿਚੀ ਕੇਪੀ ਦੀ ਮੌਤ ਦੇ ਮਾਮਲੇ ਨੇ ਫਿਰ ਨਵਾਂ ਮੋੜ ਲੈ ਲਿਆ ਹੈ। ਪੁਲਸ ਵੱਲੋਂ ਕ੍ਰੇਟਾ ਅਤੇ ਗ੍ਰੈਂਡ ਵਿਟਾਰਾ ਕਾਰ ਚਾਲਕਾਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਵਿਟਾਰਾ ਕਾਰ ਚਾਲਕ ਦਾ ਪਰਿਵਾਰ ਮੀਡੀਆ ਦੇ ਸਾਹਮਣੇ ਆਇਆ ਅਤੇ ਪੁਲਸ ਦੀ ਜਾਂਚ ’ਤੇ ਗੰਭੀਰ ਸਵਾਲ ਉਠਾਏ।
ਵਿਟਾਰਾ ਕਾਰ ਚਾਲਕ ਦੀ ਮਾਂ ਸੁਧਾ ਕਪੂਰ ਨੇ ਦੱਸਿਆ ਕਿ ਹਾਦਸਾ ਮਾਤਾ ਰਾਣੀ ਚੌਂਕ ਵਿਚ ਹੋਇਆ। ਕ੍ਰੇਟਾ ਗੱਡੀ ਨੇ ਪਹਿਲਾਂ ਫਾਰਚਿਊਨਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਫਾਰਚਿਊਨਰ ਘੁੰਮ ਕੇ ਉਨ੍ਹਾਂ ਦੀ ਵਿਟਾਰਾ ਗੱਡੀ ਨਾਲ ਟਕਰਾ ਗਈ। ਇਸ ਦੌਰਾਨ ਉਨ੍ਹਾਂ ਦੀ ਗੱਡੀ ਵਿਚ ਉਨ੍ਹਾਂ ਦਾ ਬੇਟਾ, ਪੋਤੀ ਅਤੇ ਨੂੰਹ ਸਵਾਰ ਸਨ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਸਭ ਨੂੰ ਉਥੇ ਮੌਜੂਦ ਲੋਕਾਂ ਨੇ ਬਾਹਰ ਕੱਢ ਕੇ ਹਸਪਤਾਲ ਵਿਚ ਪਹੁੰਚਾਇਆ। ਸਾਰੇ ਜ਼ਖ਼ਮੀਆਂ ਦਾ ਇਲਾਜ ਅਜੇ ਵੀ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ ਅਤੇ ਉਹ ਵੀ ਹਾਦਸੇ ਦੇ ਪੀੜਤ ਹਨ। ਇਸ ਲਈ ਪੁਲਸ ਸਹੀ ਢੰਗ ਨਾਲ ਜਾਂਚ ਕਰੇ। ਸੁਧਾ ਕਪੂਰ ਨੇ ਕਿਹਾ ਕਿ ਪਹਿਲਾਂ ਪੁਲਸ ਨੇ ਕ੍ਰੇਟਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿਚ ਉਨ੍ਹਾਂ ਦੀ ਵਿਟਾਰਾ ਗੱਡੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਨਵੀਂ ਐੱਫ਼. ਆਈ. ਆਰ. ਦਰਜ ਕਰ ਦਿੱਤੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।

