ਆਕਲੈਂਡ/ਕੈਨਬਰਾ – ਨਿਊਜ਼ੀਲੈਂਡ ਅਤੇ ਆਸਟ੍ਰੇਲੀਆਈ ਨੇਤਾਵਾਂ ਨੇ ਆਪਣੀਆਂ ਰਾਸ਼ਟਰੀ ਮਿਆਰ ਏਜੰਸੀਆਂ ਵਿਚਕਾਰ ਸਾਂਝੇਦਾਰੀ ਦਾ ਐਲਾਨ ਕੀਤਾ, ਜਿਸ ਦਾ ਉਦੇਸ਼ ਵਪਾਰ ਨੂੰ ਹੋਰ ਸੌਖਾ ਬਣਾਉਣ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਦੇ ਕੁਈਨਜ਼ਟਾਊਨ ਵਿੱਚ ਆਪਣੇ ਸਾਲਾਨਾ ਨੇਤਾਵਾਂ ਦੀ ਮੀਟਿੰਗ ਦੌਰਾਨ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਮੇਜ਼ਬਾਨੀ ਕੀਤੀ।
ਨਿਊਜ਼ੀਲੈਂਡ ਸਰਕਾਰ ਦੇ ਬਿਆਨ ਅਨੁਸਾਰ ਇਸ ਸਮਝੌਤੇ ਦਾ ਉਦੇਸ਼ ਉਤਪਾਦ ਅਤੇ ਸੇਵਾ ਮਿਆਰਾਂ ਨੂੰ ਇਕਸੁਰ ਕਰਨਾ, ਤਸਮਾਨ ਵਿੱਚ ਵਪਾਰ ਨੂੰ ਸੁਚਾਰੂ ਬਣਾਉਣਾ, ਕਾਰੋਬਾਰਾਂ ਲਈ ਲਾਗਤਾਂ ਘਟਾਉਣਾ ਅਤੇ ਦੋਵਾਂ ਦੇਸ਼ਾਂ ਵਿੱਚ ਆਰਥਿਕ ਵਿਕਾਸ ਦਾ ਸਮਰਥਨ ਕਰਨਾ ਹੈ। ਲਕਸਨ ਨੇ ਨਿਊਜ਼ੀਲੈਂਡ ਦੇ “ਗੋਇੰਗ ਫਾਰ ਗ੍ਰੋਥ” ਏਜੰਡੇ ਅਤੇ ਆਸਟ੍ਰੇਲੀਆ ਦੀਆਂ ਉਤਪਾਦਕਤਾ ਤਰਜੀਹਾਂ ਵਿਚਕਾਰ ਤਾਲਮੇਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਹਾ, “ਅਸੀਂ ਨਿਊਜ਼ੀਲੈਂਡ ਅਤੇ ਆਸਟ੍ਰੇਲੀਆਈ ਅਰਥਵਿਵਸਥਾਵਾਂ ਨੂੰ ਆਉਣ ਵਾਲੀਆਂ ਦਰਪੇਸ਼ ਸਾਂਝੀਆਂ ਚੁਣੌਤੀਆਂ ਅਤੇ ਇਕੱਠੇ ਕੰਮ ਕਰਨ ਦੇ ਮੌਕਿਆਂ ‘ਤੇ ਚਰਚਾ ਕੀਤੀ।”